ਇਮਰਾਨ ਖ਼ਾਨ 'ਤੇ ਹਮਲੇ ਤੋਂ ਬਾਅਦ ਭਾਰਤ ਦੀ ਪਹਿਲੀ ਪ੍ਰਤੀਕਿਰਿਆ, ਕਿਹਾ - 'ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ'
Thursday, Nov 03, 2022 - 11:49 PM (IST)
ਨੈਸ਼ਨਲ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖ਼ਾਨ 'ਤੇ ਵੀਰਵਾਰ ਨੂੰ ਇਕ ਜਨਤਕ ਮੀਟਿੰਗ ਦੌਰਾਨ ਗੋਲੀਬਾਰੀ ਕੀਤੀ ਗਈ, ਜਿਸ ਵਿਚ ਉਹ ਜ਼ਖ਼ਮੀ ਹੋ ਗਏ ਅਤੇ ਲਾਹੌਰ ਦੇ ਇਕ ਹਸਪਤਾਲ 'ਚ ਲਜਾਏ ਗਏ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਖ਼ਾਨ ਨੂੰ ਲੱਤ 'ਚ ਕੁੱਝ ਗੋਲੀਆਂ ਲੱਗੀਆਂ ਹਨ ਪਰ ਉਹ ਖਤਰੇ ਤੋਂ ਬਾਹਰ ਹਨ।
ਇਹ ਖ਼ਬਰ ਵੀ ਪੜ੍ਹੋ - ਇਮਰਾਨ ਖ਼ਾਨ ਦੀ ਰੈਲੀ ’ਚ ਗੋਲ਼ੀਆਂ ਚੱਲਣ ਨਾਲ 1 ਦੀ ਮੌਤ, PM ਸ਼ਾਹਬਾਜ਼ ਨੇ ਜਾਂਚ ਦੇ ਦਿੱਤੇ ਹੁਕਮ
ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਘਟਨਾ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰੈੱਸ ਕਾਨਫਰੰਸ 'ਚ ਪਾਕਿਸਤਾਨ ਵੱਲੋਂ ਇਸ ਘਟਨਾਕ੍ਰਮ ਦੇ ਜ਼ਿਕਰ 'ਤੇ ਉਨ੍ਹਾਂ ਕਿਹਾ ਇਹ ਤਾਜ਼ਾ ਘਟਨਾ ਹੈ, ਰਿਪੋਰਟਾਂ ਆ ਰਹੀਆਂ ਹਨ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਸਥਾਨਕ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਖਾਨ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੇ ਲਾਂਗ ਮਾਰਚ ਦੌਰਾਨ ਲਾਹੌਰ ਤੋਂ ਇਸਲਾਮਾਬਾਦ ਜਾ ਰਹੇ ਸਨ। ਇਸ ਗੋਲੀਬਾਰੀ ਦੌਰਾਨ ਖ਼ਾਨ ਦੀ ਲੱਤ ਵਿੱਚ ਗੋਲੀ ਲੱਗੀ ਸੀ। ਹਮਲੇ 'ਚ ਕਈ ਲੋਕ ਜ਼ਖਮੀ ਹੋਏ ਹਨ। ਹਮਲਾਵਰ ਨੇ ਕੰਟੇਨਰ ਦੇ ਹੇਠਾਂ ਤੋਂ ਉੱਪਰ ਵੱਲ ਗੋਲੀਬਾਰੀ ਕੀਤੀ, ਜਿਸ ਵਿਚ ਖ਼ਾਨ ਦੀ ਲੱਤ ਵਿਚ ਗੋਲੀ ਲੱਗੀ। ਹਮਲੇ 'ਚ ਪਾਰਟੀ ਆਗੂ ਫੈਜ਼ਲ ਜਾਵੇਦ ਅਤੇ ਅਹਿਮਦ ਚੱਟਾ ਵੀ ਜ਼ਖਮੀ ਹੋ ਗਏ।