2029-30 ਤੱਕ ਰੱਖਿਆ ਨਿਰਯਾਤ 50,000 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ: ਰਾਜਨਾਥ
Sunday, Nov 03, 2024 - 11:53 AM (IST)
ਕਾਨਪੁਰ- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਰੋਸਾ ਜਤਾਇਆ ਕਿ ਦੇਸ਼ 2029-30 ਤੱਕ 50,000 ਕਰੋੜ ਰੁਪਏ ਤੋਂ ਵੱਧ ਦਾ ਰੱਖਿਆ ਨਿਰਯਾਤ ਦਾ ਟੀਚਾ ਹਾਸਲ ਕਰ ਲਵੇਗਾ। ਜੋ ਸਿੱਖਿਆ ਜਗਤ ਦੇ ਨਾਲ ਸਹਿਯੋਗ ਦੇ ਜ਼ਰੀਏ ਰੱਖਿਆ ਉਤਪਾਦਨ ਵਿਚ ਆਤਮਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਾਰਤੀ ਤਕਨਾਲੋਜੀ ਸੰਸਥਾ (IIT) 'ਚ 65ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਰੱਖਿਆ ਮੰਤਰੀ ਨੇ ਭਾਰਤੀ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਵਦੇਸ਼ੀ ਰੂਪ ਨਾਲ ਉੱਚ ਪੱਧਰੀ ਤਕਨਾਲੋਜੀ ਨੂੰ ਵਿਕਸਿਤ ਕਰਨ ਦੀ ਅਪੀਲ ਕੀਤੀ, ਜਿਸ ਨੂੰ ਦੇਸ਼ ਆਯਾਤ ਕਰਦਾ ਹੈ।
ਰਾਜਨਾਥ ਨੇ ਦੱਸਿਆ ਕਿ ਤਕਨੀਕੀ ਵਿਕਾਸ ਦੇ ਆਧਾਰ 'ਤੇ ਦੇਸ਼ਾਂ ਦੇ ਤਿੰਨ ਸਮੂਹ ਹਨ- ਪਹਿਲਾ ਉੱਨਤ ਤਕਨੀਕ ਸ਼ਿਖਰ 'ਤੇ ਹੈ, ਦੂਜੇ ਸਥਿਰ ਸਥਿਤੀ ਵਿਚ ਪਹੁੰਚ ਗਏ ਹਨ ਅਤੇ ਤੀਜੇ ਤਕਨੀਕੀ ਵਿਕਾਸ ਦੇ ਪੜਾਅ ਵਿਚ ਹੈ। ਭਾਰਤ ਨੂੰ ਤੀਜੇ ਸਮੂਹ ਵਿਚ ਰੱਖਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਅੱਜ ਤਕਨੀਕੀ ਤਰੱਕੀ 'ਚ ਉੱਚ ਸਥਾਨ ਵੱਲ ਵੱਧ ਰਿਹਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਆਤਮਨਿਰਭਰਤਾ ਹਾਸਲ ਕਰਨ ਦੇ ਸਰਕਾਰ ਦੇ ਯਤਨ ਲੋੜੀਦੇ ਨਤੀਜੇ ਦੇ ਰਹੇ ਹਨ ਕਿਉਂਕਿ ਰੱਖਿਆ ਨਿਰਯਾਤ, ਜੋ 10 ਸਾਲ ਪਹਿਲਾਂ ਸਿਰਫ 600 ਕਰੋੜ ਦੇ ਆਲੇ-ਦੁਆਲੇ ਸੀ, ਵਿੱਤੀ ਸਾਲ 2023-24 ਵਿਚ 21,000 ਕਰੋੜ ਰੁਪਏ ਦੀ ਰਿਕਾਰਡ ਗਿਣਤੀ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਤਰੱਕੀ ਜਾਰੀ ਰਹੇਗੀ ਅਤੇ 2029-30 ਤੱਕ ਰੱਖਿਆ ਨਿਰਯਾਤ 50,000 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
ਦੁਨੀਆ ਭਰ 'ਚ ਚੱਲ ਰਹੇ ਸੰਘਰਸ਼ਾਂ ਦਰਮਿਆਨ ਰੱਖਿਆ ਈਕੋਸਿਸਟਮ 'ਚ ਤਕਨਾਲੋਜੀ ਦੀ ਵੱਧਦੀ ਭੂਮਿਕਾ 'ਤੇ ਚਾਨਣਾ ਪਾਉਂਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਡਰੋਨ, ਲੇਜ਼ਰ ਯੁੱਧ, ਸਾਈਬਰ ਯੁੱਧ, ਸਟੀਕ ਗਾਈਡਡ ਮਿਜ਼ਾਈਲਾਂ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਦੀ ਵਰਤੋਂ ਨੇ ਯੁੱਧ ਨੂੰ ਤਕਨਾਲੋਜੀ-ਅਧਾਰਿਤ ਕਾਰਵਾਈ ਵਿਚ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੱਖਿਆ 'ਚ 'ਸਵੈ-ਨਿਰਭਰਤਾ' ਹਾਸਲ ਕਰਨ 'ਚ ਸਭ ਤੋਂ ਵੱਡੀ ਰੁਕਾਵਟ ਇਹ ਹੈ ਕਿ ਅਸੀਂ ਆਪਣੇ ਸਾਮਾਨ ਲਈ ਲੋੜੀਂਦੀਆਂ ਕੁਝ ਉੱਚ ਪੱਧਰੀ ਦੀਆਂ ਤਕਨੀਕਾਂ ਨੂੰ ਦਰਾਮਦ ਕਰਨ ਲਈ ਮਜਬੂਰ ਹਾਂ। ਯੁੱਧ ਦੀ ਬਦਲਦੀ ਪ੍ਰਕਿਰਤੀ ਨੂੰ ਦੇਖਦੇ ਹੋਏ, ਆਧੁਨਿਕ ਅਤਿ-ਆਧੁਨਿਕ ਤਕਨਾਲੋਜੀਆਂ ਦੇ ਰੱਖਿਆ ਉਪਯੋਗ 'ਤੇ ਧਿਆਨ ਦੇਣ ਦੀ ਲੋੜ ਹੈ।