30 ਉਡਾਣਾਂ ’ਚ ਮਿਲੀ ਬੰਬ ਦੀ ਧਮਕੀ, 3 ਉਡਾਣਾਂ ਦਾ ਬਦਲਿਆ ਰੂਟ

Tuesday, Oct 22, 2024 - 06:26 PM (IST)

ਨਵੀਂ ਦਿੱਲੀ (ਏਜੰਸੀ)- ਭਾਰਤੀ ਏਅਰਲਾਈਨਜ਼ ਕੰਪਨੀਆਂ ਵੱਲੋਂ ਸੰਚਾਲਿਤ ਲੱਗਭਗ 30 ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਚ ਬੰਬ ਹੋਣ ਦੀ ਸੋਮਵਾਰ ਰਾਤ ਧਮਕੀ ਮਿਲੀ ਅਤੇ ਜੇਦਾਹ ਜਾਣ ਵਾਲੀਆਂ ‘ਇੰਡੀਗੋ’ ਦੀਆਂ 3 ਉਡਾਣਾਂ ਨੂੰ ਸਾਊਦੀ ਅਰਬ ਤੇ ਕਤਰ ਦੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ। ਇਸ ਘਟਨਾਚੱਕਰ ਤੋਂ ਜਾਣੂ ਸੂਤਰਾਂ ਨੇ ਦੱਸਿਆ ਕਿ ਜਿਨ੍ਹਾਂ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਉਨ੍ਹਾਂ ਵਿਚ ਇੰਡੀਗੋ, ਵਿਸਤਾਰਾ ਅਤੇ ਏਅਰ ਇੰਡੀਆ ਦੀਆਂ ਉਡਾਣਾਂ ਸ਼ਾਮਲ ਹਨ। 

ਇਹ ਵੀ ਪੜ੍ਹੋ: ਕਜ਼ਾਨ 'ਚ ਰੂਸ-ਯੂਕ੍ਰੇਨ ਯੁੱਧ 'ਤੇ ਬੋਲੇ PM ਮੋਦੀ,  ਭਾਰਤ ਹੱਲ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ

ਪਿਛਲੇ ਇਕ ਹਫ਼ਤੇ ਵਿਚ ਭਾਰਤੀ ਏਅਰਲਾਈਨਜ਼ ਵੱਲੋਂ ਸੰਚਾਲਿਤ 120 ਤੋਂ ਵੱਧ ਉਡਾਣਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ। 'ਇੰਡੀਗੋ' ਦੇ ਬੁਲਾਰੇ ਨੇ ਮੰਗਲਵਾਰ ਨੂੰ ਦੱਸਿਆ ਕਿ ਇੰਡੀਗੋ ਦੀਆਂ 10 ਉਡਾਣਾਂ ਨੂੰ ਸੁਰੱਖਿਆ ਸਬੰਧੀ ਅਲਰਟ ਮਿਲੇ, ਜਿਸ ਤੋਂ ਬਾਅਦ ਸਬੰਧਤ ਜਹਾਜ਼ਾਂ 'ਚੋਂ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਦਿੱਤਾ ਗਿਆ ਹੈ। ਫਲਾਈਟ ਨੰਬਰ 6E77 (ਬੈਂਗਲੁਰੂ ਤੋਂ ਜੇਦਾਹ) ਨੂੰ ਦੋਹਾ, 6E65 (ਕੋਝੀਕੋਡ ਤੋਂ ਜੇਦਾਹ) ਨੂੰ ਰਿਆਦ ਅਤੇ 6E63 (ਦਿੱਲੀ ਤੋਂ ਜੇਦਾਹ) ਨੂੰ ਮਦੀਨਾ ਵੱਲ ਮੋੜ ਦਿੱਤਾ ਗਿਆ।

ਇਹ ਵੀ ਪੜ੍ਹੋ: ਭਾਰਤੀਆਂ ਲਈ ਹੁਣ ਬ੍ਰਿਟੇਨ 'ਚ ਪੜ੍ਹਾਈ ਕਰਨਾ ਹੋਵੇਗਾ ਔਖਾ, ਸਟੂਡੈਂਟ ਵੀਜ਼ਾ ਨੂੰ ਲੈ ਕੇ ਹੋਈ ਇਹ ਤਬਦੀਲੀ

ਜੇਦਾਹ, ਰਿਆਦ ਅਤੇ ਮਦੀਨਾ ਸਾਊਦੀ ਅਰਬ ਦੇ ਸ਼ਹਿਰ ਹਨ ਅਤੇ ਦੋਹਾ ਕਤਰ ਦੀ ਰਾਜਧਾਨੀ ਹੈ। ਏਅਰਲਾਈਨ ਵੱਲੋਂ ਜਾਰੀ ਕੀਤੇ ਗਏ ਵੱਖ-ਵੱਖ ਬਿਆਨਾਂ ਅਨੁਸਾਰ, ਇੰਡੀਗੋ ਦੀਆਂ ਜਿਨ੍ਹਾਂ ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿੱਚ 6E 83 (ਦਿੱਲੀ ਤੋਂ ਦਮਾਮ), 6E 18 (ਇਸਤਾਂਬੁਲ ਤੋਂ ਮੁੰਬਈ), 6E 12 (ਇਸਤਾਂਬੁਲ ਤੋਂ ਦਿੱਲੀ), 6E 164 (ਮੰਗਲੁਰੂ ਤੋਂ ਮੁੰਬਈ), 6E 75, (ਅਹਿਮਦਾਬਾਦ ਤੋਂ ਜੇਦਾਹ), 6E 67 (ਹੈਦਰਾਬਾਦ ਤੋਂ ਜੇਦਾਹ) ਅਤੇ 6E 118 (ਲਖਨਊ ਤੋਂ ਪੁਣੇ) ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਸੋਮਵਾਰ ਰਾਤ ਘੱਟੋ-ਘੱਟ 30 ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ। ‘ਏਅਰ ਇੰਡੀਆ’ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸੋਮਵਾਰ ਨੂੰ ਸੰਚਾਲਿਤ ਏਅਰਲਾਈਨਜ਼ ਕੰਪਨੀ ਦੀਆਂ ਕੁਝ ਉਡਾਣਾਂ ਨੂੰ ਸੋਸ਼ਲ ਮੀਡੀਆ ਰਾਹੀਂ ਸੁਰੱਖਿਆ ਸਬੰਧੀ ਧਮਕੀਆਂ ਮਿਲੀਆਂ ਸਨ।

ਇਹ ਵੀ ਪੜ੍ਹੋ: 60 ਸਾਲ ਬਾਅਦ ਰਿਹਾਅ ਹੋਇਆ ਸਾਬਕਾ ਮੁੱਕੇਬਾਜ਼, ਬਿਨਾਂ ਕਸੂਰ ਜੇਲ੍ਹ 'ਚ ਹੀ ਲੰਘ ਗਈ ਅੱਧੀ ਜ਼ਿੰਦਗੀ

ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ ਨਿਰਧਾਰਤ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੁਚੇਤ ਕਰ ਦਿੱਤਾ ਗਿਆ ਅਤੇ ਰੈਗੂਲੇਟਰੀ ਅਥਾਰਟੀਆਂ ਅਤੇ ਸੁਰੱਖਿਆ ਏਜੰਸੀਆਂ ਦੀਆਂ ਹਦਾਇਤਾਂ ਮੁਤਾਬਕ, ਸਾਰੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਸਖਤੀ ਨਾਲ ਪਾਲਣਾ ਕੀਤੀ ਗਈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਸੋਮਵਾਰ ਨੂੰ ਕਿਹਾ ਸੀ ਕਿ ਬੰਬ ਦੀਆਂ ਧਮਕੀਆਂ ਭਾਵੇਂ ਹੀ ਅਫਵਾਹ ਹੋਣ, ਪਰ ਅਜਿਹੀਆਂ ਗੱਲਾਂ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News