ਭਾਰਤ ''ਚ ਬਾਇਓਟੈਕ ਸਟਾਰਟਅੱਪ ਦੀ ਗਿਣਤੀ 9,000 ਦੇ ਪਾਰ : ਜਤਿੰਦਰ ਸਿੰਘ
Saturday, Dec 21, 2024 - 02:58 PM (IST)
ਨਵੀਂ ਦਿੱਲੀ- ਭਾਰਤ ਦਾ ਬਾਇਓਟੈਕ ਇਕੋਸਿਸਟਮ ਹੁਣ 9000 ਸਟਾਰਟਅੱਪ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ, ਜੋ 2014 ਵਿਚ ਸਿਰਫ਼ 50 ਸੀ। ਪਿਛਲੇ ਇਕ ਦਹਾਕੇ ਵਿਚ ਬਾਇਓਇਕੋਨਾਮੀ ਵਿਚ ਭਾਰੀ ਵਾਧਾ ਵੇਖਿਆ ਗਿਆ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ FE ਗ੍ਰੀਨ ਸਾਰਥੀ ਸ਼ਿਖਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਇਹ ਜਾਣਕਾਰੀ ਦਿੱਤੀ। ਮੰਤਰੀ ਨੇ ਦੱਸਿਆ ਕਿ ਭਾਰਤ ਦੀ ਬਾਇਓਇਕੋਨਾਮੀ ਜੋ 2014 ਵਿਚ 10 ਬਿਲੀਅਨ ਡਾਲਰ ਸੀ। ਹੁਣ ਵੱਧ ਕੇ 130 ਬਿਲੀਅਨ ਡਾਲਰ ਤੋਂ ਵੱਧ ਹੋ ਗਈ ਹੈ ਅਤੇ 2030 ਤੱਕ ਇਹ 300 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ।
ਭਾਰਤ ਦੀ ਬਾਇਓਟੈਕ ਸਫਲਤਾ 'ਤੇ ਜ਼ੋਰ
ਸਿੰਘ ਨੇ ਕਿਹਾ ਕਿ ਭਾਰਤ ਨੇ ਪ੍ਰਦੂਸ਼ਣ, ਜਲਵਾਯੂ ਚੁਣੌਤੀਆਂ ਅਤੇ ਹੋਰ ਗਲੋਬਲ ਸੰਕਟਾਂ ਦਾ ਸਾਹਮਣਾ ਕਰਦੇ ਹੋਏ ਸਥਿਰਤਾ ਨੂੰ ਆਪਣੀ ਪ੍ਰਮੁੱਖ ਤਰਜੀਹ ਦਿੱਤੀ ਹੈ। ਇਹ ਉਹ ਸਮਾਂ ਸੀ ਜਦੋਂ ਭਾਰਤ ਨੂੰ ਜਲਵਾਯੂ ਜਾਂ ਗ੍ਰੀਨ ਚਿੰਤਾਵਾਂ ਬਾਰੇ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ COP-26 ਵਿਚ ਐਲਾਨੇ ਗਏ 2070 ਤੱਕ ਸ਼ੁੱਧ ਜ਼ੀਰੋ ਟੀਚੇ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਉਨ੍ਹਾਂ ਦੇਸ਼ਾਂ ਲਈ ਇਕ ਮਾਡਲ ਸਥਾਪਤ ਕੀਤਾ ਹੈ, ਜੋ ਜਲਵਾਯੂ ਸੰਬੰਧੀ ਚਿੰਤਾਵਾਂ ਵੱਲ ਧਿਆਨ ਦੇ ਰਹੇ ਹਨ।
ਸਥਿਰਤਾ ਲਈ ਸਰਕਾਰੀ ਪਹਿਲਕਦਮੀਆਂ
ਜਤਿੰਦਰ ਸਿੰਘ ਨੇ ਪਿਛਲੇ ਕੁਝ ਸਾਲਾਂ 'ਚ ਸਥਿਰਤਾ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਵੀ ਚਾਨਣਾ ਪਾਇਆ। ਭਾਰਤ ਕੋਲ ਹੁਣ ਗ੍ਰੀਨ ਹਾਈਡ੍ਰੋਜਨ ਮਿਸ਼ਨ, ਇਕ ਜਲਵਾਯੂ ਪਰਿਵਰਤਨ ਮਿਸ਼ਨ ਅਤੇ ਇਕ ਜੈਵ ਵਿਭਿੰਨਤਾ ਮਿਸ਼ਨ ਹੈ, ਜਿਸ ਵਿਚ ਅਸੀਂ ਡੂੰਘੇ ਸਮੁੰਦਰੀ ਮਿਸ਼ਨ ਨੂੰ ਸ਼ੁਰੂ ਕਰਨ ਵਾਲੇ ਪਹਿਲੇ ਦੇਸ਼ਾਂ ਵਿਚੋਂ ਇੱਕ ਹਾਂ। ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਦਾ ਸਮੁੰਦਰੀ ਤਲ, ਜੋ ਜੈਵਿਕ ਵਿਭਿੰਨਤਾ, ਖਣਿਜਾਂ ਅਤੇ ਧਾਤਾਂ ਨਾਲ ਭਰਪੂਰ ਹੈ, ਆਰਥਿਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਦੇਸ਼ ਦੇ ਆਰਥਿਕ ਵਿਕਾਸ ਵਿਚ ਮਦਦਗਾਰ ਸਾਬਤ ਹੋਵੇਗਾ।