ਆਸੀਆਨ ਨਾਲ ਭਾਰਤ ਦਾ ਦੁਵੱਲਾ ਵਪਾਰ 73 ਅਰਬ ਡਾਲਰ ਹੋਇਆ
Sunday, Nov 24, 2024 - 12:22 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਅਪ੍ਰੈਲ-ਅਕਤੂਬਰ ਦੇ ਸਮੇਂ ਦੌਰਾਨ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਨਾਲ ਭਾਰਤ ਦਾ ਦੁਵੱਲਾ ਵਪਾਰ 5.2 ਫ਼ੀਸਦੀ ਵਧ ਕੇ 73 ਅਰਬ ਡਾਲਰ 'ਤੇ ਪਹੁੰਚ ਗਿਆ। ਆਸੀਆਨ ਇਕ ਸਮੂਹ ਦੇ ਰੂਪ ਵਿਚ ਭਾਰਤ ਦੇ ਮੁੱਖ ਵਪਾਰ ਭਾਗੀਦਾਰਾਂ ਵਿਚੋਂ ਇਕ ਹੈ, ਜਿਸ ਦੀ ਭਾਰਤ ਦੇ ਗਲੋਬਲ ਵਪਾਰ 'ਚ ਲੱਗਭਗ 11 ਫ਼ੀਸਦੀ ਹਿੱਸੇਦਾਰੀ ਹੈ।
ਵਣਜ ਅਤੇ ਉਦਯੋਗ ਮੰਤਰਾਲਾ ਮੁਤਾਬਕ ਵਿੱਤੀ ਸਾਲ 2023-24 'ਚ ਦੋ-ਪੱਖੀ ਵਪਾਰ 121 ਅਰਬ ਡਾਲਰ ਸੀ। ਆਸੀਆਨ-ਭਾਰਤ ਵਸਤੂ ਵਪਾਰ ਸਮਝੌਤਾ (AITIGA) ਦੀ ਸਮੀਖਿਆ 'ਤੇ ਚਰਚਾ ਲਈ 6ਵੀਂ ਆਸੀਆਨ-ਭਾਰਤ ਸੰਯੁਕਤ ਕਮੇਟੀ ਅਤੇ ਸਬੰਧਤ ਬੈਠਕਾਂ 15-22 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਆਯੋਜਿਤ ਕੀਤੀਆਂ ਗਈਆਂ। ਬੈਠਕ 'ਚ ਸਾਰੇ 10 ਆਸੀਆਨ ਦੇਸ਼ਾਂ- ਇੰਡੋਨੇਸ਼ੀਆ, ਵੀਅਤਨਾਮ, ਲਾਓਸ, ਬਰੂਨੇਈ, ਥਾਈਲੈਂਡ, ਮਿਆਂਮਾਰ, ਫਿਲੀਪੀਨਜ਼, ਕੰਬੋਡੀਆ, ਸਿੰਗਾਪੁਰ ਅਤੇ ਮਲੇਸ਼ੀਆ ਦੇ ਨੇਤਾਵਾਂ ਅਤੇ ਨੁਮਾਇੰਦਿਆਂ ਨੇ ਭਾਗ ਲਿਆ। ਆਸੀਆਨ ਦੇ ਨੁਮਾਇੰਦਿਆਂ ਦੀ ਨਵੀਂ ਦਿੱਲੀ ਫੇਰੀ ਅਤੇ ਉਨ੍ਹਾਂ ਦੀ ਮੌਜੂਦਗੀ ਦੀ ਵਰਤੋਂ ਦੁਵੱਲੇ ਵਪਾਰਕ ਮੁੱਦਿਆਂ 'ਤੇ ਚਰਚਾ ਕਰਨ ਲਈ ਥਾਈਲੈਂਡ ਅਤੇ ਇੰਡੋਨੇਸ਼ੀਆਈ ਟੀਮਾਂ ਨਾਲ ਦੁਵੱਲੀ ਮੀਟਿੰਗਾਂ ਕਰਕੇ ਕੀਤੀ ਗਈ।
ਭਾਰਤ ਅਤੇ ਆਸੀਆਨ ਦੇ ਮੁੱਖ ਵਾਰਤਾਕਾਰਾਂ ਨੇ ਚਰਚਾ ਅਧੀਨ ਮੁੱਦਿਆਂ ਅਤੇ ਅੱਗੇ ਵਧਣ ਦੇ ਰਾਹ 'ਤੇ ਆਪਸੀ ਸਮਝ ਵਿਕਸਿਤ ਕਰਨ ਲਈ ਇਕ ਵੱਖਰੀ ਮੀਟਿੰਗ ਵੀ ਕੀਤੀ। ਮੰਤਰਾਲੇ ਦੇ ਇਕ ਬਿਆਨ ਅਨੁਸਾਰ ਆਸੀਆਨ-ਭਾਰਤ ਵਸਤੂ ਵਪਾਰ ਸਮਝੌਤਾ ਦੀ ਸਮੀਖਿਆ ਆਸੀਆਨ ਖੇਤਰ ਦੇ ਨਾਲ ਟਿਕਾਊ ਤਰੀਕੇ ਨਾਲ ਵਪਾਰ ਨੂੰ ਵਧਾਉਣ ਦੀ ਦਿਸ਼ਾ ਵਿਚ ਇਕ ਕਦਮ ਹੋਵੇਗਾ। AITIGA ਸੰਯੁਕਤ ਕਮੇਟੀ ਦੀ ਅਗਲੀ ਮੀਟਿੰਗ ਜਕਾਰਤਾ, ਇੰਡੋਨੇਸ਼ੀਆ ਵਿਚ ਫਰਵਰੀ 2025 ਵਿਚ ਹੋਣੀ ਹੈ।