ਭਾਰਤ ਦੇ ਟਾਪ ਏਅਰਲਾਈਨਜ਼ ਦੇ ਬੇੜੇ ''ਚ ਹੋਵੇਗਾ 30 ਫ਼ੀਸਦੀ ਤੱਕ ਦਾ ਵਾਧਾ ! ਜੁੜਨਗੇ 240 ਨਵੇਂ ਜਹਾਜ਼

Monday, Feb 02, 2026 - 11:20 AM (IST)

ਭਾਰਤ ਦੇ ਟਾਪ ਏਅਰਲਾਈਨਜ਼ ਦੇ ਬੇੜੇ ''ਚ ਹੋਵੇਗਾ 30 ਫ਼ੀਸਦੀ ਤੱਕ ਦਾ ਵਾਧਾ ! ਜੁੜਨਗੇ 240 ਨਵੇਂ ਜਹਾਜ਼

ਨਵੀਂ ਦਿੱਲੀ : ਦੇਸ਼ ਦੇ ਹਵਾਬਾਜ਼ੀ ਖੇਤਰ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦੀਆਂ ਚੋਟੀ ਦੀਆਂ ਏਅਰਲਾਈਨਜ਼, ਇੰਡੀਗੋ, ਏਅਰ ਇੰਡੀਆ ਅਤੇ ਅਕਾਸਾ ਏਅਰ, ਆਉਣ ਵਾਲੇ 2 ਸਾਲਾਂ ’ਚ ਆਪਣੇ ਬੇੜੇ ਵਿਚ ਲਗਭਗ 240 ਨਵੇਂ ਜਹਾਜ਼ ਜੋੜਨ ਦੀ ਤਿਆਰੀ ਵਿਚ ਹਨ। ਇਸ ਦੇ ਨਾਲ ਹੀ ਇਨ੍ਹਾਂ ਏਅਰਲਾਈਨਜ਼ ਦਾ ਸੰਯੁਕਤ ਬੇੜੇ ਦੇ ਸਾਈਜ਼ ’ਚ 30 ਫੀਸਦੀ ਵਾਧਾ ਹੋਣ ਦਾ ਅਨੁਮਾਨ ਹੈ। ਮੌਦੂਗਾ ਸਮੇਂ ਵਿਚ ਇਨ੍ਹਾਂ ਪ੍ਰਮੁੱਖ ਏਅਰਲਾਈਨਜ਼ ਕੋਲ ਕੁੱਲ 804 ਜਹਾਜ਼ ਹਨ, ਜੋ 2027 ਦੇ ਅੰਤ ਤੱਕ 1,044 ਤੱਕ ਪਹੁੰਚ ਸਕਦੇ ਹਨ।

ਏਅਰਬੱਸ ਦਾ ਭਾਰਤ ’ਤੇ ਵੱਡਾ ਦਾਅ
ਏਸ਼ੀਆ ਦੇ ਸਭ ਤੋਂ ਵੱਡੇ ਸਿਵਲ ਐਵੀਏਸ਼ਨ ਈਵੈਂਟ ‘ਵਿੰਗਜ਼ ਇੰਡੀਆ 2026’ (ਹੈਦਰਾਬਾਦ) ਵਿਚ ਏਅਰਬੱਸ ਨੇ ਕਿਹਾ ਕਿ ਭਾਰਤ ਵਿਚ ਉਸ ਦੇ ਕੋਲ ਅਗਲੇ 10 ਸਾਲਾਂ ਲਈ 1,250 ਜਹਾਜ਼ਾਂ ਦੀ ਡਲਿਵਰੀ ਬੈਕਲਾਗ ਹੈ। ਇਸ ਵਿਚ ਸਭ ਤੋਂ ਵੱਡਾ ਹਿੱਸਾ ਇੰਡੀਗੋ ਅਤੇ ਏਅਰ ਇੰਡੀਆ ਦਾ ਹੈ। ਇੰਡੀਗੋ ਦਾ ਆਰਡਰ ਲਗਭਗ 900 ਜਹਾਜ਼ਾਂ ਲਈ ਹੈ, ਜਦੋਂ ਕਿ ਏਅਰ ਇੰਡੀਆ ਗਰੁੱਪ ਨੇ ਲਗਭਗ 350 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਏਅਰਬੱਸ ਨੇ ਰਿਪੋਰਟ ਦਿੱਤੀ ਕਿ 2025 ’ਚ ਭਾਰਤ ਨੂੰ 55 ਜਹਾਜ਼ ਡਲਿਵਰ ਕੀਤੇ ਗਏ ਸਨ, ਜੋ ਸਾਰੇ ਇੰਡੀਗੋ ਨੂੰ ਗਏ ਸਨ। ਏਅਰਬੱਸ ਦੀ ਗਲੋਬਲ ਡਲਿਵਰੀ ਦਾ ਲਗਭਗ 7 ਫੀਸਦੀ ਇਕੱਲੇ ਇੰਡੀਗੋ ਦਾ ਹੈ।

ਹਰ ਮਹੀਨੇ ਔਸਤਨ 2 ਜਹਾਜ਼
ਏਅਰਬੱਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ 2032 ਦੇ ਆਸ-ਪਾਸ ਪ੍ਰਤੀ ਸਾਲ 150 ਜਹਾਜ਼ਾਂ ਦੀ ਸਿਖਰ ਡਲਿਵਰੀ ਦੀ ਉਮੀਦ ਹੈ। ਬੋਇੰਗ ਨੇ ਕਿਹਾ ਹੈ ਕਿ ਉਹ 2026 ਵਿਚ ਭਾਰਤ ਨੂੰ 25 ਜਹਾਜ਼ਾਂ ਦੀ ਡਲਿਵਰੀ ਦਾ ਟੀਚਾ ਰੱਖਦਾ ਹੈ, ਜਿਸ ਦੀ ਰਫ਼ਤਾਰ ਅਮਰੀਕਾ ’ਚ ਉਤਪਾਦਨ ਸਮਰੱਥਾ ਵਧਾਉਣ ਤੋਂ ਬਾਅਦ ਹੋਰ ਤੇਜ਼ ਹੋਵੇਗੀ। ਬੋਇੰਗ ਇੰਡੀਆ ਦੇ ਪ੍ਰਧਾਨ ਸਲੀਲ ਗੁਪਤੇ ਨੇ ਕਿਹਾ ਕਿ ਆਉਣ ਵਾਲੇ ਸਾਲਾਂ ’ਚ ਹਰ ਮਹੀਨੇ ਔਸਤਨ 2 ਜਹਾਜ਼ ਭਾਰਤ ਆਉਣਗੇ। ਕੁਝ ਮਹੀਨਿਆਂ ’ਚ ਵੱਧ ਗਿਣਤੀ ਹੋਵੇਗੀ, ਕੁਝ ਘੱਟ ਅਤੇ ਕਦੇ-ਕਦੇ ਵਾਈਡ-ਬਾਡੀ ਏਅਰਕ੍ਰਾਫਟ ਵੀ ਸ਼ਾਮਲ ਕੀਤੇ ਜਾਣਗੇ।

ਏਅਰ ਇੰਡੀਆ ਦੀ ਫਲੀਟ ਅਪਗ੍ਰੇਡ ਯੋਜਨਾ
ਏਅਰ ਇੰਡੀਆ ਦੇ ਸੀ. ਈ. ਓ. ਕੈਂਪਬੈਲ ਵਿਲਸਨ ਅਨੁਸਾਰ ਕੰਪਨੀ ਨੇ 30 ਬੋਇੰਗ 737 (ਨੈਰੋ-ਬਾਡੀ) ਜਹਾਜ਼ਾਂ ਲਈ ਇਕ ਨਵਾਂ ਆਰਡਰ ਦਿੱਤਾ ਹੈ। ਇਸ ਤੋਂ ਇਲਾਵਾ 15 ਜਹਾਜ਼ਾਂ ਨੂੰ ਲਾਂਚ ਰੇਂਜ ਦੇ XLR ਵਿਚ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਏਅਰ ਇੰਡੀਆ ਦੇ ਵਿਦੇਸ਼ੀ ਰੂਟਾਂ ਨੂੰ ਮਜ਼ਬੂਤੀ ਮਿਲੇਗੀ। ਏਅਰ ਇੰਡੀਆ ਸਮੂਹ ਨੇ ਕੁੱਲ 190 ਬੋਇੰਗ ਜਹਾਜ਼ਾਂ (ਨੈਰੋ- ਅਤੇ ਵਾਈਡ-ਬਾਡੀ) ਲਈ ਆਰਡਰ ਦਿੱਤੇ ਹਨ। ਸਮੂਹ ਨੂੰ ਇਸ ਸਾਲ 20-24 ਜਹਾਜ਼ ਪ੍ਰਾਪਤ ਹੋਣ ਦੀ ਉਮੀਦ ਹੈ।

ਅਕਾਸਾ ਵੀ ਇਸ ਦੌੜ ਵਿਚ
ਦੇਸ਼ ਦੀ ਸਭ ਤੋਂ ਛੋਟੀ ਏਅਰਲਾਈਨ, ਅਕਾਸਾ ਏਅਰ, ਪਹਿਲਾਂ ਹੀ 226 ਬੋਇੰਗ ਜਹਾਜ਼ਾਂ ਦਾ ਆਰਡਰ ਦੇ ਚੁੱਕੀ ਹੈ, ਜਿਨ੍ਹਾਂ ’ਚੋਂ 194 ਦੀ ਡਲਿਵਰੀ ਪੈਂਡਿੰਗ ਹੈ। ਕੰਪਨੀ ਨੇ ਇਸ ਮਹੀਨੇ 2 ਨਵੇਂ ਬੋਇੰਗ ਜਹਾਜ਼ ਸ਼ਾਮਲ ਕੀਤੇ ਹਨ, ਜਿਨ੍ਹਾਂ ’ਚੋਂ ਦੋ ਹੋਰ ਫਰਵਰੀ ਵਿਚ ਡਲਿਵਰ ਹੋਣ ਦੀ ਉਮੀਦ ਹੈ। ਕੁੱਲ ਮਿਲਾ ਕੇ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਬਾਜ਼ਾਰਾਂ ’ਚੋਂ ਇਕ ਬਣ ਰਿਹਾ ਹੈ। ਨਵੇਂ ਜਹਾਜ਼, ਨਵੇਂ ਰੂਟ ਅਤੇ ਸਸਤੀਆਂ ਉਡਾਣਾਂ ਆਉਣ ਵਾਲੇ ਸਾਲਾਂ ’ਚ ਯਾਤਰੀਆਂ ਨੂੰ ਕਾਫ਼ੀ ਲਾਭ ਪਹੁੰਚਾਉਣਗੀਆਂ।


author

Harpreet SIngh

Content Editor

Related News