ਮਾਲਦੀਵ ਨੂੰ ਫਿਰ ਤੋਂ ਵੀਜ਼ਾ ਛੋਟ ਦੇਣ ’ਤੇ ਭਾਰਤ ਰਾਜ਼ੀ, ਇਸ ਤਾਰੀਖ਼ ਤੋਂ ਯਾਤਰਾ ਕਰਨ ਦੀ ਮਿਲੀ ਇਜਾਜ਼ਤ
Monday, Oct 11, 2021 - 01:15 PM (IST)
ਨਵੀਂ ਦਿੱਲੀ/ਮਾਲੇ— ਮਾਲਦੀਵ ਵਾਸੀਆਂ ਲਈ ਖ਼ੁਸ਼ਖਬਰੀ ਹੈ। ਭਾਰਤ ਸਰਕਾਰ 15 ਅਕਤੂਬਰ ਤੋਂ ਮਾਲਦੀਵ ਨਾਲ 2018 ਵੀਜ਼ਾ ਛੋਟ ਸਮਝੌਤੇ ਨੂੰ ਮੁੜ ਸ਼ੁਰੂ ਕਰਨ ’ਤੇ ਸਹਿਮਤ ਹੋ ਗਿਆ ਹੈ। ਦੱਸ ਦੇਈਏ ਕਿ ਕੋੋਰੋਨਾ ਵਾਇਰਸ ਕਾਰਨ ਸਮਝੌਤੇ ਨੂੰ ਅਸਥਾਈ ਰੂਪ ਨਾਲ ਮੁਲਤਵੀ ਕਰ ਦਿੱਤਾ ਗਿਆ ਸੀ। ਕੋਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਭਾਰਤ ਨੇ ਮਾਲਦੀਵ ਸਮੇਤ ਕਈ ਦੇਸ਼ਾਂ ਦੀਆਂ ਯਾਤਰਾਵਾਂ ਨੂੰ ਰੋਕ ਦਿੱਤਾ ਸੀ। ਭਾਰਤ ਨੇ 23 ਮਾਰਚ 2020 ਨੂੰ ਸਾਰੇ ਦੇਸ਼ਾਂ ਦੀ ਯਾਤਰਾ ’ਤੇ ਪਾਬੰਦੀ ਲਾਈ ਸੀ।
ਓਧਰ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਟਵੀਟ ਕਰ ਕੇ ਲਿਖਿਆ ਕਿ ਖ਼ੁਸ਼ੀ ਹੈ ਕਿ ਭਾਰਤ ਦੋਹਾਂ ਦੇਸ਼ਾਂ ਦਰਮਿਆਨ ਦਸੰਬਰ 2018 ਵੀਜ਼ਾ ਛੋਟ ਸਮਝੌਤੇ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਸਹਿਮਤ ਹੋ ਗਿਆ ਹੈ, ਜਿਸ ਨੂੰ ਅਸਥਾਈ ਰੂਪ ਨਾਲ ਮੁਲਤਵੀ ਕਰ ਦਿੱਤਾ ਗਿਆ ਸੀ। ਸ਼ਾਹਿਦ ਨੇ ਦੱਸਿਆ ਕਿ 15 ਅਕਤੂਬਰ 2021 ਤੋਂ ਮਾਲਦੀਵ ਦੇ ਨਾਗਰਿਕਾਂ ਨੂੰ ਸੈਰ-ਸਪਾਟਾ, ਮੈਡੀਕਲ ਅਤੇ ਵਪਾਰਕ ਉਦੇਸ਼ਾਂ ਲਈ ਵੀਜ਼ਾ ਜ਼ਰੂਰਤਾਂ ਤੋਂ ਛੋਟ ਦਿੱਤੀ ਜਾਵੇਗੀ। ਵਿਦੇਸ਼ ਮੰਤਰੀ ਸ਼ਾਹਿਦ ਨੇ ਸਮਝੌਤੇ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਬੇਨਤੀ ’ਤੇ ਵਿਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਵੀ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ 2018 ਵੀਜ਼ਾ ਛੋਟ ਸਮਝੌਤਾ ਮਾਲਦੀਵ ਦੇ ਨਾਗਰਿਕਾਂ ਲਈ ਸੈਰ-ਸਪਾਟਾ, ਕਾਰੋਬਾਰ, ਸਿੱਖਿਆ ਅਤੇ ਮੈਡੀਕਲ ਉਦੇਸ਼ਾਂ ਲਈ ਭਾਰਤ ਆਉਣ ਦੀ ਯਾਤਰਾ ਨੂੰ ਆਸਾਨ ਬਣਾਉਂਦਾ ਹੈ। ਇਹ ਇੱਥੇ ਆਉਣ ਵਾਲਿਆਂ ਨੂੰ 15 ਦਿਨਾਂ ਦੇ ਅੰਦਰ ਵਰਕ ਪਰਮਿਟ ਵੀ ਦਿੰਦਾ ਹੈ ਅਤੇ ਵੀਜ਼ਾ ਨਿਯਮਾਂ ਨੂੰ ਆਸਾਨ ਬਣਾਉਂਦਾ ਹੈ। ਉਨ੍ਹਾਂ ਦੇ ਵੀਜ਼ਾ ਫ਼ੀਸ ਦਾ ਭੁਗਤਾਨ ਉਨ੍ਹਾਂ ਦੇ ਮਾਲਕਾਂ ਵਲੋਂ ਕੀਤਾ ਜਾਂਦਾ ਹੈ। ਦਸੰਬਰ 2018 ਵਿਚ ਮਾਲਦੀਵ ਦੇ ਰਾਸ਼ਟਰਪਤੀ ਇਬੂ ਸੋਲਿਹ ਦੀ ਯਾਤਰਾ ਦੌਰਾਨ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਸਨ।