ਅੰਗਦਾਨ ਕਰਨ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਹੈ ਭਾਰਤ
Saturday, Nov 27, 2021 - 06:21 PM (IST)
ਨਵੀਂ ਦਿੱਲੀ (ਵਾਰਤਾ)- ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁਖ ਮਾਂਡਵੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਅੰਗ ਦਾਨ ਦੇ ਸੰਬੰਧ ’ਚ ਭਾਰਤ ਦੁਨੀਆ ’ਚ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ ਪਰ ਮੰਗ ਅਤੇ ਸਪਲਾਈ ’ਚ ਵਿਆਪਕ ਅੰਤਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮਾਂਡਵੀਆ ਨੇ ਇੱਥੇ 12ਵੇਂ ਅੰਗਦਾਨ ਦਿਵਸ ’ਤੇ ਆਯੋਜਿਤ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਜਿਊਂਦੇ ਜੀ ਖ਼ੂਨਦਾਨ, ਮਰਨ ਤੋਂ ਬਾਅਦ ਅੰਗਦਾਨ’ ਇਹ ਜੀਵਨ ਦਾ ਆਦਰਸ਼ ਕੰਮ ਹੋਣਾ ਚਾਹੀਦਾ। ਇਸ ਮੌਕੇ ਮੰਤਰਾਲਾ ’ਚ ਰਾਜ ਮੰਤਰੀ ਡਾ. ਭਾਰਤੀ ਪ੍ਰਵੀਨ ਪਵਾਰ ਵੀ ਮੌਜੂਦ ਸਨ। ਮਾਂਡਵੀਆ ਨੇ ਕਿਹਾ ਕਿ ਦੇਸ਼ ਦੀ ਮੰਗ ਅੰਗਦਾਨ ਤੋਂ ਕਿਤੇ ਵੱਧ ਹੈ। ਇਸ ਲਈ ਅੰਗਦਾਨ ਦੇ ਸੰਬੰਧ ’ਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਗ ਟਰਾਂਸਪਲਾਂਟ ਦੀ ਕੁੱਲ ਗਿਣਤੀ ‘ਡੋਨੇਸ਼ਨ ਐਂਡ ਟਰਾਂਸਪਲਾਂਟੇਸ਼ਨ’ ਦੇ ਗਲੋਬਲ ਅੰਕੜਿਆਂ ਅਨੁਸਾਰ, ਭਾਰਤ ’ਚ ਅੰਗਦਾਨ ਸਾਲ 2013 ’ਚ 4990 ਤੋਂ ਵੱਧ ਕੇ ਸਾਲ 2019 ’ਚ 12746 ਹੋ ਗਿਆ ਹੈ ਅਤੇ ਭਾਰਤ ਹੁਣ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ’ਚ ਤੀਜੇ ਸਥਾਨ ’ਤੇ ਹੈ।
ਇਸੇ ਤਰ੍ਹਾਂ ਅੰਗਦਾਨ ਦੀ ਦਰ 2012-13 ਦੀ ਤੁਲਨਾ ’ਚ ਕਰੀਬ 4 ਗੁਣਾ ਵਧ ਗਈ ਹੈ। ਹਾਲੇ ਵੀ ਹਾਲਾਂਕਿ ਟਰਾਂਸਪਲਾਂਟ ਦੀ ਜ਼ਰੂਰਤ ਵਾਲੇ ਰੋਗੀਆਂ ਦੀ ਗਿਣਤੀ ਅਤੇ ਮੌਤ ਤੋਂ ਬਾਅਦ ਅੰਗ ਦਾਨ ਕਰਨ ਲਈ ਸਹਿਮਤੀ ਦੇਣ ਵਾਲੇ ਲੋਕਾਂ ਦੀ ਗਿਣਤੀ ਦਰਮਿਆਨ ਇਕ ਵੱਡਾ ਅੰਤਰ ਹੈ। ਉਨ੍ਹਾਂ ਕਿਹਾ,‘‘ਸਾਡੀ ਸੰਸਕ੍ਰਿਤੀ ਸ਼ੁੱਭ ਅਤੇ ਲਾਭ ’ਤੇ ਜ਼ੋਰ ਦਿੰਦੀ ਹੈ, ਜਿੱਥੇ ਵਿਅਕਤੀਗੱਤ ਭਲਾਈ ਭਾਈਚਾਰੇ ਦੀ ਵੱਧ ਭਲਾਈ ਨਾਲ ਨਿਸ਼ਚਿਤ ਹੈ।’’ ਉਨ੍ਹਾਂ ਕਿਹਾ ਕਿ ਪੂਰੇ ਸਮਾਜ, ਡਾਕਟਰਾਂ, ਜਾਗਰੂਕ ਨਾਗਰਿਕਾਂ, ਸਰਕਾਰਾਂ ਅਤੇ ਇੱਥੇ ਤੱਕ ਕਿ ਮੀਡੀਆ ਨੂੰ ਅੰਗਦਾਨ ਦੀ ਝਿਜਕ ਨੂੰ ਦੂਰ ਕਰਨ ਅਤੇ ਦੇਸ਼ ਭਰ ’ਚ ਅੰਗਦਾਨ ਵਧਾਉਣ ਲਈ ਸਰਗਰਮ ਰੂਪ ਨਾਲ ਆਪਣੀ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ।