ਰਾਫੇਲ ਲਈ ਭਾਰਤ ਨੂੰ ਕਰਨਾ ਪਵੇਗਾ ਇੰਤਜ਼ਾਰ, ਕੋਰੋਨਾ ਵਾਇਰਸ ਕਾਰਨ ਟਲੀ ਡਲਿਵਰੀ

Wednesday, Apr 15, 2020 - 09:08 PM (IST)

ਰਾਫੇਲ ਲਈ ਭਾਰਤ ਨੂੰ ਕਰਨਾ ਪਵੇਗਾ ਇੰਤਜ਼ਾਰ, ਕੋਰੋਨਾ ਵਾਇਰਸ ਕਾਰਨ ਟਲੀ ਡਲਿਵਰੀ

ਨਵੀਂ ਦਿੱਲੀ- ਕੋਰੋਨਾ ਕਾਰਨ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਘਰਾਂ ਵਿਚ ਕੈਦ ਹੈ। ਭਾਰਤ ਸਰਕਾਰ ਨੇ ਲਾਕਡਾਊਨ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਹੈ। ਇਸ ਦਾ ਪ੍ਰਭਾਵ ਹੁਣ ਵੱਡੇ ਪ੍ਰਾਜੈਕਟਾਂ 'ਤੇ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਫੇਲ ਦੀ ਡਲਿਵਰੀ ਨੂੰ ਕੁਝ ਹਫ਼ਤਿਆਂ ਲਈ ਟਾਲ ਦਿੱਤਾ ਗਿਆ ਹੈ। ਇਹ ਫੈਸਲਾ ਫਰਾਂਸ ਅਤੇ ਭਾਰਤ ਦੋਵਾਂ ਨੇ ਮਿਲ ਕੇ ਲਿਆ ਹੈ।

ਭਾਰਤੀ ਹਵਾਈ ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਡਲਿਵਰੀ ਦੀ ਤਰੀਕ ਨੂੰ ਵਧਾ ਦਿੱਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਫੇਲ ਦੀ ਡਲਿਵਰੀ ਫਰਾਂਸ ਵੱਲੋਂ ਦੇਰੀ ਨਾਲ ਕੀਤੀ ਜਾ ਰਹੀ ਹੈ, ਇਸ ਦੇ ਨਾਲ ਹੀ ਅਜੇ ਅੰਬਾਲਾ ਏਅਰਬੇਸ 'ਤੇ ਕੁਝ ਕੰਮ ਬਾਕੀ ਹੈ। ਰਾਫੇਲ ਦਾ ਪਹਿਲਾ ਸਕੁਆਰਡਨ ਅੰਬਾਲਾ ਵਿਚ ਹੀ ਬਣਾਇਆ ਗਿਆ ਹੈ।

ਰਾਫੇਲ ਏਅਰਕ੍ਰਾਫਟ ਮਈ ਦੇ ਅਖੀਰਲੇ ਹਫ਼ਤਿਆਂ ਵਿਚ ਭਾਰਤ ਆਉਣ ਵਾਲਾ ਸੀ ਪਰ ਕੁਝ ਹਫ਼ਤਿਆਂ ਲਈ ਤਰੀਕ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਲਾਕਡਾਊਨ ਖਤਮ ਹੋਣ ਦੇ ਬਾਅਦ ਡਲਿਵਰੀ ਦੀ ਤਰੀਕ ਤੈਅ ਕੀਤੀ ਜਾਵੇਗੀ।

ਫਰਾਂਸ ਕੋਰੋਨਾ ਤੋਂ ਪ੍ਰਭਾਵਿਤ
ਫਰਾਂਸ ਤੋਂ 36 ਰਾਫੇਲ ਜਹਾਜ਼ਾਂ ਦੀ ਖੇਪ ਭਾਰਤ ਆਉਣ ਵਾਲੀ ਹੈ। ਹਾਲਾਂਕਿ, ਫਰਾਂਸ ਵੀ ਕੋਰੋਨਾ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੈ। ਫਰਾਂਸ ਵਿਚ ਹੁਣ ਤਕ ਕੋਰੋਨਾ ਪੀੜਤਾਂ ਦੇ 1.43 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 15 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇੰਡੀਅਨ ਏਅਰ ਫੋਰਸ ਨੇ ਕੁਝ ਸਾਲ ਪਹਿਲਾਂ ਗੋਲਡਨ ਐਰੋ 17 ਸਕੁਆਰਡਨ ਨੂੰ ਭੰਗ ਕਰ ਦਿੱਤਾ ਸੀ ਕਿਉਂਕਿ ਮਿਗ -21 ਲੜਾਕੂ ਜਹਾਜ਼ ਰਿਟਾਇਰ ਹੋ ਗਏ ਸਨ। ਬੀਤੇ ਦਿਨੀਂ ਹੀ ਰਾਫੇਲ ਲਈ ਗੋਲਡਨ ਐਰੋ 17 ਸਕੁਆਰਡਨ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਸੀ। ਅੰਬਾਲਾ ਤੋਂ ਰਾਫੇਲ ਰਾਹੀਂ ਪਾਕਿਸਤਾਨ 'ਤੇ ਨਜ਼ਰ ਰੱਖੀ ਜਾਵੇਗੀ। ਅੰਬਾਲਾ ਏਅਰਬੇਸ 'ਤੇ ਪਹਿਲਾਂ ਤੋਂ ਜਗੁਆਰ ਅਤੇ ਮਿਗ-21 ਬਾਈਸਨ ਤਾਇਨਾਤ ਹਨ। ਇਸ ਦੇ ਇਲਾਵਾ ਪੱਛਮੀ ਬੰਗਾਲ ਦੇ ਹਾਸ਼ਿਮਾਰਾ ਬੇਸ ਤੋਂ ਚੀਨ ਦੀਆਂ ਹਰਕਤਾਂ 'ਤੇ ਵੀ ਰਾਫੇਲ ਰਾਹੀਂ ਨਜ਼ਰ ਰੱਖੀ ਜਾਵੇਗੀ।
 


author

Sanjeev

Content Editor

Related News