SCO ਸੰਮੇਲਨ 'ਚ ਭਾਰਤ ਤੇ ਪਾਕਿਸਤਾਨ ਨੇ ਇਕ ਦੂਜੇ 'ਤੇ ਅਸਿੱਧੇ ਤੌਰ 'ਤੇ ਸਾਧਿਆ ਨਿਸ਼ਾਨਾ

05/05/2023 9:00:27 PM

ਨੈਸ਼ਨਲ ਡੈਸਕ : ਭਾਰਤ ਅਤੇ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਬੈਠਕ 'ਚ ਅਸਿੱਧੇ ਤੌਰ 'ਤੇ ਇਕ-ਦੂਜੇ 'ਤੇ ਨਿਸ਼ਾਨਾ ਸਾਧਿਆ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਰਹੱਦ ਪਾਰ ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਸੱਦਾ ਦਿੱਤਾ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ-ਜ਼ਰਦਾਰੀ ਨੇ "ਕੂਟਨੀਤਕ ਫਾਇਦੇ ਲਈ ਅੱਤਵਾਦ ਨੂੰ ਹਥਿਆਰ" ਵਜੋਂ ਨਾ ਵਰਤਣ ਲਈ ਕਿਹਾ। ਗੋਆ 'ਚ ਭਾਰਤ ਦੁਆਰਾ ਆਯੋਜਿਤ ਐੱਸਸੀਓ ਸੰਮੇਲਨ ਵਿੱਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਸਰਹੱਦ ਪਾਰ ਦੇ ਅੱਤਵਾਦ ਸਮੇਤ ਹਰ ਤਰ੍ਹਾਂ ਦੇ ਅੱਤਵਾਦ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬਿਲਾਵਲ ਨੇ "ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ" ਦਾ ਮੁੱਦਾ ਉਠਾਇਆ, ਜਿਸ ਨੂੰ ਕਸ਼ਮੀਰ ਦੇ ਅਸਿੱਧੇ ਸੰਦਰਭ ਵਜੋਂ ਦੇਖਿਆ ਗਿਆ।

ਇਹ ਵੀ ਪੜ੍ਹੋ : WHO ਦਾ ਵੱਡਾ ਐਲਾਨ- ਹੁਣ ਗਲੋਬਲ ਹੈਲਥ ਐਮਰਜੈਂਸੀ ਨਹੀਂ ਰਿਹਾ COVID-19

ਐੱਸਸੀਓ ਦੇ ਨਿਯਮ ਦੁਵੱਲੇ ਮੁੱਦਿਆਂ ਨੂੰ ਉਠਾਉਣ ਦੀ ਇਜਾਜ਼ਤ ਨਹੀਂ ਦਿੰਦੇ ਤੇ ਦੋਵਾਂ ਵਿਦੇਸ਼ ਮੰਤਰੀਆਂ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ ਅਤੇ ਅਸਿੱਧੇ ਤੌਰ 'ਤੇ ਟਿੱਪਣੀਆਂ ਕੀਤੀਆਂ। ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਜੈਸ਼ੰਕਰ ਨੇ ਅਸਿੱਧੇ ਤੌਰ 'ਤੇ ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅੱਤਵਾਦ ਨੂੰ ਨਜ਼ਰਅੰਦਾਜ਼ ਕਰਨਾ ਸਮੂਹ ਦੇ ਸੁਰੱਖਿਆ ਹਿੱਤਾਂ ਲਈ ਨੁਕਸਾਨਦੇਹ ਹੋਵੇਗਾ ਅਤੇ ਜਦੋਂ ਦੁਨੀਆਕੋਵਿਡ -19 ਮਹਾਮਾਰੀ ਤੇ ਇਸ ਦੇ ਪ੍ਰਭਾਵਾਂ ਨਾਲ ਨਜਿੱਠਣ 'ਚ ਲੱਗੀ ਹੋਈ ਹੈ, ਉਦੋਂ ਵੀ ਅੱਤਵਾਦ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਰਹੀ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਸਰਹੱਦ 'ਤੇ ਸ਼ਾਂਤੀ ਅਤੇ ਦੁਵੱਲੇ ਸਬੰਧਾਂ 'ਤੇ ਕੀਤੀ ਚਰਚਾ

ਜੈਸ਼ੰਕਰ ਨੇ ਬਿਲਾਵਲ, ਚੀਨ, ਰੂਸ, ਕਿਰਗਿਸਤਾਨ, ਕਜ਼ਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੇ ਆਪਣੇ ਹਮਰੁਤਬਾ ਦੀ ਮੌਜੂਦਗੀ ਵਿੱਚ ਕਿਹਾ, “ਸਾਨੂੰ ਕਿਸੇ ਵੀ ਵਿਅਕਤੀ ਜਾਂ ਦੇਸ਼ ਨੂੰ ਰਾਜ ਤੋਂ ਇਲਾਵਾ ਕਿਸੇ ਹੋਰ ਤੱਤ ਦੇ ਪਿੱਛੇ ਲੁਕਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।” ਉਨ੍ਹਾਂ ਕਿਹਾ, “ਅੱਤਵਾਦ ਨੂੰ ਨਜ਼ਰਅੰਦਾਜ਼ ਕਰਨਾ ਸਮੂਹ ਦੇ ਸੁਰੱਖਿਆ ਹਿੱਤਾਂ ਲਈ ਨੁਕਸਾਨਦੇਹ ਹੋਵੇਗਾ। ਅਸੀਂ ਦ੍ਰਿੜ੍ਹਤਾ ਨਾਲ ਮੰਨਦੇ ਹਾਂ ਕਿ ਅੱਤਵਾਦ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਰਹੱਦ ਪਾਰ ਅੱਤਵਾਦ ਸਮੇਤ ਹਰ ਤਰ੍ਹਾਂ ਦੇ ਅੱਤਵਾਦ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।”

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਜਹਿਰੀਨ ਮੁਸਲਮਾਨਾਂ ਦਾ ਜਥਾ ਪੁੱਜਾ ਭਾਰਤ, ਦਿੱਲੀ 'ਚ ਮਨਾਏ ਜਾ ਰਹੇ ਉਰਸ 'ਚ ਕਰੇਗਾ ਸ਼ਿਰਕਤ

ਆਪਣੇ ਸੰਬੋਧਨ 'ਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ, “ਸਾਨੂੰ ਐੱਸਸੀਓ ਦੇ ਅੰਦਰ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਸਿਧਾਂਤਾਂ ਦਾ ਸਨਮਾਨ ਯਕੀਨੀ ਬਣਾਉਣਾ ਚਾਹੀਦਾ ਹੈ। ਅੰਤਰਰਾਸ਼ਟਰੀ ਕਾਨੂੰਨ ਅਤੇ ਸੁਰੱਖਿਆ ਪ੍ਰੀਸ਼ਦ ਦੇ ਮਤਿਆਂ ਦੀ ਉਲੰਘਣਾ ਕਰਦਿਆਂ ਰਾਸ਼ਟਰਾਂ ਦੁਆਰਾ ਇਕਪਾਸੜ ਅਤੇ ਗੈਰ-ਕਾਨੂੰਨੀ ਕਦਮ ਚੁੱਕਣਾ SCO ਦੇ ਉਦੇਸ਼ਾਂ ਦੇ ਉਲਟ ਹੈ। ਬਿਲਾਵਲ ਨੇ ਕਿਹਾ, “ਦਿਸ਼ਾ ਸਪੱਸ਼ਟ ਹੋਣੀ ਚਾਹੀਦੀ ਹੈ, ਜੋ ਕਿ ਸੰਘਰਸ਼ ਨੂੰ ਬਣਾਈ ਰੱਖਣ 'ਤੇ ਨਹੀਂ, ਸਗੋਂ ਸੰਘਰਸ਼ ਨੂੰ ਸੁਲਝਾਉਣ 'ਤੇ ਅਧਾਰਤ ਹੋਣੀ ਚਾਹੀਦੀ ਹੈ।”

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News