ਜਬਰ-ਜ਼ਨਾਹ ਦੇ ਮੁਲਜ਼ਮ ਨਿਤਿਆਨੰਦ ਨੇ ਖਰੀਦਿਆ ਟਾਪੂ, ਵਸਾਇਆ ਵੱਖਰਾ ''ਦੇਸ਼''

12/06/2019 10:23:33 AM

ਨਵੀਂ ਦਿੱਲੀ— ਭਾਰਤ ਤੋਂ ਫਰਾਰ ਹੋਏ ਜਬਰ-ਜ਼ਨਾਹ ਦੇ ਇਕ ਮੁਲਜ਼ਮ ਨਿਤਿਆਨੰਦ ਨੇ ਕਥਿਤ ਤੌਰ 'ਤੇ ਦੱਖਣੀ ਅਮਰੀਕਾ ਦੇ ਇਕ ਦੇਸ਼ ਇਕਵਾਡੋਰ ਨੇੜੇ ਇਕ ਟਾਪੂ ਖਰੀਦ ਕੇ ਉੱਥੇ ਆਪਣਾ ਇਕ ਵੱਖਰਾ ਦੇਸ਼ ਵਸਾ ਲਿਆ ਹੈ। ਉਸ ਨੇ ਇਕ ਵੈੱਬਸਾਈਟ ਵੀ ਜਾਰੀ ਕੀਤੀ ਹੈ। 'ਹਿੰਦੂ ਰਾਸ਼ਟਰ' ਐਲਾਨੇ ਗਏ ਆਪਣੇ ਦੇਸ਼ 'ਕੈਲਾਸਾ' ਦੀ ਨਾਗਰਿਕਤਾ, ਪਾਸਪੋਰਟ ਅਤੇ ਵੱਖ-ਵੱਖ ਹੋਰ ਤਰ੍ਹਾਂ ਦੀਆਂ ਜਾਣਕਾਰੀਆਂ ਵੈਬਸਾਈਟ 'ਚ ਦਿੱਤੀਆਂ ਹਨ।

ਟਾਪੂ ਦਾ ਨਾਂ 'ਕੈਲਾਸਾ'
ਅਸਲ 'ਚ ਇਕਵਾਡੋਰ ਵਰਗੇ ਕਈ ਅਜਿਹੇ ਦੇਸ਼ ਹਨ ਜਿਥੇ ਕੋਈ ਵੀ ਵਿਅਕਤੀ ਨਿੱਜੀ ਤੌਰ 'ਤੇ ਕਿਸੇ ਟਾਪੂ ਨੂੰ ਖਰੀਦ ਸਕਦਾ ਹੈ। ਅਜਿਹੇ ਦੇਸ਼ਾਂ 'ਚ ਟਾਪੂ ਖਰੀਦਣ ਦਾ ਭਾਵ ਆਮ ਜ਼ਮੀਨ ਖਰੀਦਣ ਵਾਂਗ ਹੈ। ਨਿਤਿਆਨੰਦ ਨੇ ਵੀ ਜਿਹੜਾ ਟਾਪੂ ਖਰੀਦਿਆ ਹੈ ਉਸ ਦਾ ਨਾਂ ਕੈਲਾਸਾ ਰੱਖਿਆ ਹੈ ਅਤੇ ਇਸ ਨੂੰ ਦੁਨੀਆ ਦਾ ਇਕੋ ਇਕ ਹਿੰਦੂ ਦੇਸ਼ ਹੋਣ ਦਾ ਦਾਅਵਾ ਕੀਤਾ ਹੈ।

ਵਿਦੇਸ਼ ਮੰਤਰਾਲੇ ਨੇ ਕਿਹਾ ਇਹ ਕੋਈ ਖੇਡ ਨਹੀਂ ਹੈ
ਭਾਰਤੀ ਵਿਦੇਸ਼ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਕਿਸੇ ਟਾਪੂ ਨੂੰ ਖਰੀਦ ਕੇ ਵਿਅਕਤੀ ਕਿਸੇ ਦੇਸ਼ ਦੀ ਸਥਾਪਨਾ ਬਾਰੇ ਐਲਾਨ ਨਹੀਂ ਕਰ ਸਕਦਾ ਇਹ ਕੋਈ ਖੇਡ ਨਹੀਂ ਹੈ। ਕੋਈ ਵਿਅਕਤੀ ਗੁੜਗਾਓਂ ਜਾ ਕੇ ਜ਼ਮੀਨ ਖਰੀਦ ਦੇ ਉਸ ਨੂੰ ਰਾਸ਼ਟਰ ਨਹੀਂ ਐਲਾਨ ਸਕਦਾ। ਕਿਸੇ ਵੀ ਰਾਸ਼ਟਰ ਲਈ ਜ਼ਰੂਰੀ ਹੈ ਕਿ ਕਈ ਦੇਸ਼ ਉਸ ਨੂੰ ਮਾਨਤਾ ਦੇਣ। ਨਾਲ ਹੀ ਇਹ ਗੱਲ ਵੀ ਜ਼ਰੂਰੀ ਹੈ ਕਿ ਯੂ. ਐੱਨ. ਉਸ ਦੀ ਪ੍ਰਭੂਸੱਤਾ ਨੂੰ ਪ੍ਰਵਾਨ ਕਰੇ।

ਪਾਸਪੋਰਟ ਵੀ ਕੀਤਾ ਹੈ ਜਾਰੀ
ਨਿਤਿਆਨੰਦ ਨੇ ਆਪਣੇ ਕਥਿਤ ਦੇਸ਼ ਦਾ ਪਾਸਪੋਰਟ ਵੀ ਜਾਰੀ ਕੀਤਾ ਹੈ। ਵੈਬਸਾਈਟ 'ਚ ਪਾਸਪੋਰਟ ਦੀ ਇਕ ਕਾਪੀ ਜਾਰੀ ਕੀਤੀ ਗਈ ਹੈ ਜਿਸ ਨੂੰ 'ਪਾਰਮਤਰਮ' ਦਾ ਨਾਂ ਦਿੱਤਾ ਗਿਆ। ਅੰਗਰੇਜ਼ੀ 'ਚ ਸ਼ਬਦ ਪਾਸਪੋਰਟ ਲਿਖਿਆ ਹੈ। ਵੈਬਸਾਈਟ ਮੁਤਾਬਕ ਨਿਤਿਆਨੰਦ ਨੇ ਆਪਣਾ 'ਮੰਤਰੀ ਮੰਡਲ' ਵੀ ਗਠਿਤ ਕੀਤਾ ਹੈ। ਇਸ ਅਧੀਨ ਸਿਹਤ, ਸਿੱਖਿਆ, ਹਾਊਸਿੰਗ ਵਰਗੇ ਵਿਭਾਗਾਂ ਦਾ ਜ਼ਿਕਰ ਕੀਤਾ ਗਿਆ ਹੈ। ਨਾਗਰਿਕਤਾ ਦੇ ਕਾਲਮ 'ਚ 'ਅਧਿਆਤਮਕ ਨਾਗਰਿਕਤਾ' ਦੀ ਗੱਲ ਕਹੀ ਗਈ ਹੈ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਨਿਤਿਆਨੰਦ ਦੇ ਕਥਿਤ ਦੇਸ਼ 'ਚ ਵਸਣ ਵਰਗੀ ਕੋਈ ਸਹੂਲਤ ਨਹੀਂ ਹੈ।

ਝੰਡੇ ਦਾ ਨਾਂ ਰੱਖਿਆ ਰਿਸ਼ਭ ਧਵਜ, ਲਾਈ ਆਪਣੀ ਫੋਟੋ
ਨਿਤਿਆਨੰਦ ਨੇ ਆਪਣੇ ਕਥਿਤ ਦੇਸ਼ ਦਾ ਇਕ ਝੰਡਾ ਵੀ ਜਾਰੀ ਕੀਤਾ ਹੈ ਜੋ ਤਿਕੋਣਾ ਹੈ। ਇਸ 'ਚ ਉਸ ਨੇ ਆਪਣੀ ਖੁਦ ਦੀ ਫੋਟੋ ਲਾਈ ਹੋਈ ਹੈ। ਉਸ ਨੇ ਆਪਣੇ ਆਪ ਨੂੰ ਪਰਮਸ਼ਿਵ ਕਰਾਰ ਦਿੱਤਾ ਹੈ। ਝੰਡੇ ਦਾ ਨਾਂ ਰਿਸ਼ਭ ਧਵਜ ਰੱਖਿਆ ਹੈ।


DIsha

Content Editor

Related News