ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਬਣੀ ਆਫ਼ਤ; ਇਕ ਦਿਨ ’ਚ ਆਏ 3.79 ਲੱਖ ਨਵੇਂ ਮਾਮਲੇ
Thursday, Apr 29, 2021 - 11:13 AM (IST)
ਨਵੀਂ ਦਿੱਲੀ— ਭਾਰਤ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਹੁਣ ਹਰ ਦਿਨ ਜਿੱਥੇ ਮਾਮਲੇ ਵੱਧ ਰਹੇ ਹਨ, ਉੱਥੇ ਹੀ ਮੌਤਾਂ ਦਾ ਅੰਕੜਾ ਵੀ ਤੇਜ਼ੀ ਨਾਲ ਵਧਣ ਲੱਗਿਆ ਹੈ। ਵੀਰਵਾਰ ਨੂੰ ਵੀ ਭਾਰਤ ’ਚ ਰਿਕਾਰਡ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ’ਚ ਵਾਇਰਸ ਦੇ ਰਿਕਾਰਡ 3,79,257 ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਕੁੱਲ ਮਾਮਲੇ 1,83,76,524 ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 30 ਲੱਖ ਦੇ ਪਾਰ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਇਕ ਦਿਨ ਵਿਚ 3,645 ਲੋਕਾਂ ਦੀ ਮੌਤ ਹੋਣ ਮਗਰੋਂ ਇਸ ਭਿਆਨਕ ਮਹਾਮਾਰੀ ਦੇ ਮਿ੍ਰਤਕਾਂ ਦੀ ਗਿਣਤੀ 2,04,832 ਹੋ ਗਈ ਹੈ। ਅੰਕੜਿਆਂ ਮੁਤਾਬਕ ਬੀਮਾਰੀ ਤੋਂ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ 1,50,86,878 ਹੋ ਗਈ ਹੈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕੁੱਲ 15,00,20,648 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦਾ ਸਭ ਤੋਂ ਬੁਰਾ ਦੌਰ; ਮੌਤ ਤੋਂ ਬਾਅਦ ਵੀ ਕਰਨੀ ਪੈ ਰਹੀ ‘ਵਾਰੀ ਦੀ ਉਡੀਕ’
24 ਘੰਟਿਆਂ ’ਚ ਕੁੱਲ ਮਾਮਲੇ- 3,79,257
24 ਘੰਟਿਆਂ ’ਚ ਮੌਤਾਂ- 3,645
ਕੁੱਲ ਕੇਸਾਂ ਦੀ ਗਿਣਤੀ- 1,83,76,524
ਕੁੱਲ ਮੌਤਾਂ ਦੀ ਗਿਣਤੀ- 2,04,832
ਸਰਗਰਮ ਕੇਸਾਂ ਦੀ ਗਿਣਤੀ- 30,84,814
ਹੁਣ ਤੱਕ ਕੋਰੋਨਾ ਟੀਕਾਕਰਨ- 15,00,20,648
ਇਹ ਵੀ ਪੜ੍ਹੋ: ਦੇਸ਼ ’ਚ ਕੋਰੋਨਾ ਦੀ ਬੇਲਗਾਮ ਹੁੰਦੀ ਸਥਿਤੀ, ਪਹਿਲੀ ਵਾਰ 3 ਹਜ਼ਾਰ ਤੋਂ ਵੱਧ ਮੌਤਾਂ
ਦੇਸ਼ ’ਚ ਕੋਰੋਨਾ ਦਾ ਕੋਹਰਾਮ ਕਿੰਨੀ ਤੇਜ਼ੀ ਨਾਲ ਵੱਧ ਰਿਹਾ ਹੈ, ਇਸ ਦਾ ਅੰਦਾਜ਼ਾ ਅੰਕੜੇ ਬਿਆਨ ਕਰ ਰਹੇ ਹਨ। ਪਿਛਲੇ ਕਰੀਬ 10 ਦਿਨਾਂ ਤੋਂ ਦੇਸ਼ ਵਿਚ ਰੋਜ਼ਾਨਾ 3 ਲੱਖ ਤੋਂ ਜ਼ਿਆਦਾ ਕੇਸ ਦਰਜ ਕੀਤੇ ਜਾ ਰਹੇ ਹਨ, ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਹੁਣ ਮੌਤਾਂ ਦਾ ਅੰਕੜਾ ਵੀ 3 ਹਜ਼ਾਰ ਦੇ ਪਾਰ ਆ ਰਿਹਾ ਹੈ, ਲਗਾਤਾਰ ਤੀਜਾ ਦਿਨ ਹੈ, ਜਦੋਂ ਦੇਸ਼ ਵਿਚ 3 ਹਜ਼ਾਰ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕਈ ਸੂਬਿਆਂ ’ਚ ਕੋਰੋਨਾ ਦੀ ਸਥਿਤੀ ਭਿਆਨਕ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦਾ ਅਸਰ ਮਹਾਰਾਸ਼ਟਰ ਅਤੇ ਦਿੱਲੀ ’ਚ ਦਿੱਸ ਰਿਹਾ ਹੈ। ਮਹਾਰਾਸ਼ਟਰ ਵਿਚ ਬੀਤੇ ਦਿਨ 60 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ 1000 ਦੇ ਕਰੀਬ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੇਕਰ ਗੱਲ ਦਿੱਲੀ ਦੀ ਕੀਤੀ ਜਾਵੇ ਤਾਂ ਇੱਥੇ ਹਰ ਰੋਜ਼ ਹੁਣ 350 ਤੋਂ ਵੱਧ ਮੌਤਾਂ ਅਤੇ 24 ਹਜ਼ਾਰ ਤੋਂ ਉੱਪਰ ਕੇਸ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਇਕ ਮਈ ਤੋਂ 18 ਸਾਲ ਤੋਂ ਉੱਪਰ ਵਾਲਿਆਂ ਲਈ ਟੀਕਾਕਰਨ ਮੁਸ਼ਕਲ, ਕਈ ਸੂਬਾਈ ਸਰਕਾਰਾਂ ਨੇ ਖੜ੍ਹੇ ਕੀਤੇ ਹੱਥ