ਬਦਲਦੇ ਦ੍ਰਿਸ਼ ’ਚ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹੇ ਫੌਜ : ਮੁਰਮੂ
Thursday, Nov 28, 2024 - 10:25 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਤੇਜ਼ੀ ਨਾਲ ਬਦਲ ਰਹੇ ਭੂ-ਸਿਆਸੀ ਸਥਿਤੀ 'ਚ ਫੌਜ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੀ ਲੋੜ ਹੈ। ਮੁਰਮੂ ਨੇ ਵੀਰਵਾਰ ਨੂੰ ਤਾਮਿਲਨਾਡੂ ਦੇ ਵੇਲਿੰਗਟਿਨ ਸਥਿਤ ਰੱਖਿਆਸੇਵਾ ਸਟਾਫ ਕਾਲਜ ਦੇ ਵਿਦਿਆਰਥੀ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਿਤ ਕੀਤਾ।
ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਵਿਕਾਸ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ ਅਤੇ ਦੁਨੀਆ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ’ਚ ਸਾਡੇ ਵਿਕਾਸ ਨੂੰ ਪ੍ਰਵਾਨ ਕਰ ਰਹੀ ਹੈ। ਭਾਰਤ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਮਕਸਦ ਨਾਲ ਹਥਿਆਰਬੰਦ ਬਲਾਂ ਨੂੰ ਤਿਆਰ ਰੱਖਣ ਲਈ ਸਵਦੇਸ਼ੀਕਰਨ ਅਤੇ ਸਵੈ-ਨਿਰਭਰਤਾ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਪ੍ਰਮੁੱਖ ਰੱਖਿਆ ਵਿਨਿਰਮਾਣ ਕੇਂਦਰ ਵਜੋਂ ਵਿਕਸਤ ਹੋ ਰਿਹਾ ਹੈ ਅਤੇ ਇਕ ਭਰੋਸੇਮੰਦ ਰੱਖਿਆ ਭਾਈਵਾਲ ਅਤੇ ਵੱਡਾ ਰੱਖਿਆ ਬਰਾਮਦਕਾਰ ਬਣਨ ਵੱਲ ਵੱਧ ਰਿਹਾ ਹੈ।
ਮੁਰਮੂ ਨੇ ਕਿਹਾ ਕਿ ਅਸੀਂ ਨਾ ਸਿਰਫ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨੀ ਹੈ ਸਗੋਂ ਸਾਈਬਰ ਜੰਗ ਅਤੇ ਅੱਤਵਾਦ ਵਰਗੀਆਂ ਨਵੀਆਂ ਰਾਸ਼ਟਰੀ ਸੁਰੱਖਿਆ ਚੁਣੌਤੀਆਂ ਦੇ ਲਈ ਵੀ ਤਿਆਰ ਰਹਿਣਾ ਹੈ। ਜਲਵਾਯੂ ਪਰਿਵਰਤਨ ਦਾ ਮੁੱਦਾ ਨਵੇਂ ਪਹਿਲੂਆਂ ਨੂੰ ਗ੍ਰਹਿਣ ਕਰ ਰਿਹਾ ਹੈ ਜਿਨ੍ਹਾਂ ਨੂੰ ਸਮਝਣ ਅਤੇ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੱਖਿਆ ਸੇਵਾ ਸਟਾਫ ਕਾਲਜ ਨੇ ਭਾਰਤ ਅਤੇ ਮਿੱਤਰ ਦੇਸ਼ਾਂ ਦੇ ਹਥਿਆਰਬੰਦ ਬਲਾਂ ਦੇ ਅਧਿਕਾਰੀਆਂ ਅਤੇ ਸਿਵਲ ਅਧਿਕਾਰੀਆਂ ਨੂੰ ਸਿਖਲਾਈ ਅਤੇ ਸਿੱਖਿਆ ਦੇਣ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ ਹੈ।