ਭਾਰਤ-ਕੁਵੈਤ ਵਧਾਉਣਗੇ ਦੁਵੱਲਾ ਰੱਖਿਆ ਸਹਿਯੋਗ
Saturday, Aug 29, 2026 - 04:59 PM (IST)
ਨਵੀਂ ਦਿੱਲੀ (ਏਜੰਸੀ)- ਭਾਰਤ-ਕੁਵੈਤ ਸੰਯੁਕਤ ਰੱਖਿਆ ਕਮੇਟੀ ਦੀ ਪਹਿਲੀ ਬੈਠਕ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ ’ਚ ਹੋਈ ਜਿਸ ’ਚ ਦੋਵਾਂ ਦੇਸ਼ਾਂ ਨੇ ਸਿਖਲਾਈ, ਫੌਜੀ ਅਭਿਆਸ ਸਮੇਤ ਵੱਖ-ਵੱਖ ਖੇਤਰਾਂ ’ਚ ਦੁਵੱਲਾ ਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ।
ਰੱਖਿਆ ਮੰਤਰਾਲਾ ਨੇ ਦੱਸਿਆ ਕਿ ਇਹ ਬੈਠਕ ਭਾਰਤ ਅਤੇ ਕੁਵੈਤ ਵਿਚਾਲੇ ਰੱਖਿਆ ਸਹਿਯੋਗ ’ਤੇ ਸਮਝੌਤਾ ਪੱਤਰ ਦੇ ਮਕਸਦਾਂ ਨੂੰ ਅਮਲ ’ਚ ਲਿਆਉਣ ਦੀ ਦਿਸ਼ਾ ’ਚ ਇਕ ਅਹਿਮ ਕਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਸੰਬਰ 2024 ’ਚ ਕੁਵੈਤ ਯਾਤਰਾ ਦੌਰਾਨ ਇਸ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ ਸਨ।
ਬੈਠਕ ਦੀ ਸਹਿ-ਪ੍ਰਧਾਨਗੀ ਰੱਖਿਆ ਮੰਤਰਾਲਾ ’ਚ ਸੰਯੁਕਤ ਸਕੱਤਰ ਅਮਿਤਾਭ ਪ੍ਰਸਾਦ ਅਤੇ ਕੁਵੈਤੀ ਵਫਦ ਦੀ ਪ੍ਰਧਾਨਗੀ ਬ੍ਰਿਗੇਡੀਅਰ ਜਨਰਲ ਰਾਏਦ ਅਲਸਕਰਾਨ ਨੇ ਕੀਤੀ। ਭਾਰਤੀ ਵਫਦ ’ਚ ਫੌਜ ਦੇ ਤਿੰਨਾਂ ਅੰਗਾਂ, ਰੱਖਿਆ ਉਤਪਾਦਨ ਵਿਭਾਗ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.), ਹਥਿਆਰਬੰਦ ਫੋਰਸ ਡਾਕਟਰੀ ਸੇਵਾ ਅਤੇ ਵਿਦੇਸ਼ ਮੰਤਰਾਲਾ ਦੇ ਨੁਮਾਇੰਦੇ ਸ਼ਾਮਲ ਹੋਏ।
