ਭਾਰਤ-ਜਾਪਾਨ ਵਧਾਉਣਗੇ ਸਾਈਬਰ ਖੇਤਰ ’ਚ ਸਹਿਯੋਗ

Friday, Sep 15, 2023 - 01:12 PM (IST)

ਭਾਰਤ-ਜਾਪਾਨ ਵਧਾਉਣਗੇ ਸਾਈਬਰ ਖੇਤਰ ’ਚ ਸਹਿਯੋਗ

ਨਵੀਂ ਦਿੱਲੀ, (ਭਾਸ਼ਾ)- ਭਾਰਤ ਅਤੇ ਜਾਪਾਨ ਵੀਰਵਾਰ ਨੂੰ ਦੋ-ਪੱਖੀ ਅਤੇ ਬਹੁਪੱਖੀ ਮੰਚਾਂ ’ਤੇ ਸਾਈਬਰ ਖੇਤਰ ਨੂੰ ਸੁਰੱਖਿਅਤ ਕਰਨ ਦੀ ਦਿਸ਼ਾ ’ਚ ਸਹਿਯੋਗ ਵਧਾਉਣ ’ਤੇ ਸਹਿਮਤ ਹੋਏ। ਇਕ ਅਧਿਕਾਰਤ ਬਿਆਨ ’ਚ ਜਾਣਕਾਰੀ ਦਿੱਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਟੋਕੀਓ ’ਚ ਆਯੋਜਿਤ 5ਵੀਂ ਭਾਰਤ-ਜਾਪਾਨ ਸਾਈਬਰ ਸੰਵਾਦ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਦੁਵੱਲੇ ਸਾਈਬਰ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ ’ਤੇ ਚਰਚਾ ਕੀਤੀ ਅਤੇ 5-ਜੀ ਤਕਨਾਲੋਜੀ ਸਮੇਤ ਸਾਈਬਰ ਸੁਰੱਖਿਆ ਅਤੇ ਸੂਚਨਾ ਤੇ ਸੰਚਾਰ ਤਕਨੀਕਾਂ ਦੇ ਖੇਤਰਾਂ ’ਚ ਹਾਸਲ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਕੀਤੀ।

ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲਾ ’ਚ ਸੰਯੁਕਤ ਸਕੱਤਰ (ਸਾਈਬਰ ਡਿਪਲੋਮੇਸੀ ਡਵੀਜ਼ਨ) ਮੁਆਨਪੁਈ ਸੈਯਾਵੀ ਨੇ ਕੀਤੀ, ਜਦੋਂ ਕਿ ਜਾਪਾਨੀ ਧਿਰ ਦੀ ਅਗਵਾਈ ਉਨ੍ਹਾਂ ਦੇ ਵਿਦੇਸ਼ ਮੰਤਰਾਲਾ ’ਚ ਸਾਈਬਰ ਨੀਤੀ ਦੇ ਇੰਚਾਰਜ ਰਾਜਦੂਤ ਇਸ਼ੀਜ਼ੂਕੀ ਹਿਦੇਓ ਨੇ ਕੀਤੀ ਵਿਦੇਸ਼ ਮੰਤਰਾਲਾ ਦੇ ਬਿਆਨ ’ਚ ਕਿਹਾ ਗਿਆ ਹੈ, ‘‘ਦੋਵਾਂ ਧਿਰਾਂ ਨੇ ਸਾਈਬਰ ਖੇਤਰ ’ਚ ਨਵੀਨਤਮ ਵਿਕਾਸ ਅਤੇ ਸੰਯੁਕਤ ਰਾਸ਼ਟਰ ਅਤੇ ਕਵਾਡ ਫਰੇਮਵਰਕ ਤਹਿਤ ਹੋਰ ਬਹੁਪੱਖੀ ਅਤੇ ਖੇਤਰੀ ਮੰਚਾਂ ’ਤੇ ਆਪਸੀ ਸਹਿਯੋਗ ਨੂੰ ਲੈ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।’’


author

Rakesh

Content Editor

Related News