ਰੱਖਿਆ ਉਤਪਾਦਨ ’ਚ ਭਾਰਤ ਨੇ ਤੋੜੇ ਸਾਰੇ ਰਿਕਾਰਡ : PM ਮੋਦੀ
Saturday, Jul 06, 2024 - 10:43 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਭਾਰਤ ਨੂੰ ਇਕ ਪ੍ਰਮੁੱਖ ਕੌਮਾਂਤਰੀ ਰੱਖਿਆ ਵਿਨਿਰਮਾਨ ਕੇਂਦਰ ਵਜੋਂ ਸਥਾਪਤ ਕਰਨ ਲਈ ਸਹਿਯੋਗੀ ਮਾਹੌਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਨਾਲ ਨਾ ਸਿਰਫ਼ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ, ਸਗੋਂ ਇਹ ਦੇਸ਼ ਨੂੰ ਸਵੈ-ਨਿਰਭਰ ਵੀ ਬਣਾਏਗਾ। ਪ੍ਰਧਾਨ ਮੰਤਰੀ ਨੇ ਇਹ ਗੱਲ ਰੱਖਿਆ ਮੰਤਰੀ ਰਾਜਨਾਥ ਸਿੰਘ ਵਲੋਂ ‘ਐਕਸ’ ’ਤੇ ਪੋਸਟ ਕੀਤੀ ਗਈ ਜਾਣਕਾਰੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਹੀ। ਉਨ੍ਹਾਂ ਕਿਹਾ ਕਿ ਭਾਰਤ ਨੇ 2023-24 ’ਚ ਰੱਖਿਆ ਉਤਪਾਦਨ ’ਚ ਸਾਰੇ ਰਿਕਾਰ਼ਡ ਤੋੜ ਦਿੱਤੇ ਹਨ।
ਰਾਜਨਾਥ ਸਿੰਘ ਨੇ ਕਿਹਾ ਸੀ ਕਿ 2023-24 ’ਚ ਰੱਖਿਆ ਉਤਪਾਦਨ ਦਾ ਮੁੱਲ 1,26,887 ਕਰੋੜ ਰੁਪਏ ਤੱਕ ਪਹੁੰਚ ਗਿਆ, ਜੋ ਪਿਛਲੇ ਵਿੱਤੀ ਸਾਲ ਦੇ ਉਤਪਾਦਨ ਮੁੱਲ ਨਾਲੋਂ 16.8 ਫੀਸਦੀ ਵੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਉਤਸ਼ਾਹਜਨਕ ਵਿਕਾਸ ਹੋਇਅਾ ਹੈ। ਇਸ ਪ੍ਰਾਪਤੀ ’ਚ ਯੋਗਦਾਨ ਪਾਉਣ ਵਾਲੇ ਸਾਰਿਆਂ ਨੂੰ ਵਧਾਈ। ਅਸੀਂ ਆਪਣੀਆਂ ਸਮਰੱਥਾਵਾਂ ਨੂੰ ਹੋਰ ਵਧਾਉਣ ਅਤੇ ਭਾਰਤ ਨੂੰ ਇਕ ਪ੍ਰਮੁੱਖ ਕੌਮਾਂਤਰੀ ਰੱਖਿਆ ਵਿਨਿਰਮਾਨ ਕੇਂਦਰ ਵਜੋਂ ਸਥਾਪਤ ਕਰਨ ਲਈ ਇਕ ਸਹਾਇਕ ਮਾਹੌਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਇਹ ਸਾਡੇ ਸੁਰੱਖਿਆ ਉਪਕਰਨਾਂ ਨੂੰ ਵਧਾਏਗਾ ਤੇ ਸਾਨੂੰ ਸਵੈ-ਨਿਰਭਰ ਬਣਾਵੇਗਾ!
ਇਸ ਤੋਂ ਪਹਿਲਾਂ ਰੱਖਿਆ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ‘ਮੇਕ ਇਨ ਇੰਡੀਆ’ ਪ੍ਰੋਗਰਾਮ ਹਰ ਸਾਲ ਨਵੇਂ ਮੀਲ ਪੱਥਰ ਸਥਾਪਤ ਕਰ ਰਿਹਾ ਹੈ। ਇਸ ਉਪਲੱਬਧੀ ਲਈ ਰੱਖਿਆ ਖੇਤਰ ਦੇ ਸਾਂਝੇ ਅਦਾਰਿਆਂ ਤੇ ਉਦਯੋਗ ਨੂੰ ਵਧਾਈ ਦਿੰਦੇ ਹੋਏ ਰਾਜਨਾਥ ਨੇ ਕਿਹਾ ਕਿ ਸਰਕਾਰ ਭਾਰਤ ਨੂੰ ਇਕ ਪ੍ਰਮੁੱਖ ਵਿਸ਼ਵ ਰੱਖਿਆ ਵਿਨਿਰਮਾਣ ਕੇਂਦਰ ਬਣਾਉਣ ਲਈ ਹੋਰ ਢੁਕਵੇਂ ਪ੍ਰਬੰਧਾਂ ਦੀ ਭਾਲ ਕਰ ਰਹੀ ਹੈ।