ਭਾਰਤ-ਫਰਾਂਸ ਮਿਲ ਕੇ ਭੇਜਣਗੇ ''ਗਗਨਯਾਨ'', 2022 ਤੱਕ ਭੇਜਣ ਦਾ ਹੈ ਟੀਚਾ
Thursday, Sep 06, 2018 - 08:31 PM (IST)

ਨਵੀਂ ਦਿੱਲੀ (ਏਜੰਸੀ)- ਭਾਰਤ ਅਤੇ ਫਰਾਂਸ ਮਨੁੱਖ ਨੂੰ ਪੁਲਾੜ ਵਿਚ ਭੇਜਣ ਦੇ ਮਿਸ਼ਨ 'ਗਗਨਯਾਨ' 'ਤੇ ਮਿਲ ਕੇ ਕੰਮ ਕਰਨਗੇ। ਦੋਹਾਂ ਮੁਲਕਾਂ ਨੇ ਵੀਰਵਾਰ ਨੂੰ ਇਸ ਸਬੰਧੀ ਇਕ ਸਮਝੌਤੇ 'ਤੇ ਹਸਤਾਖਰ ਵੀ ਕਰ ਦਿੱਤੇ ਹਨ। ਦੱਸ ਦਈਏ ਕਿ ਭਾਰਤੀ ਖੋਜ ਸੰਸਥਾ (ਇਸਰੋ) ਦਾ ਇਹ ਪਹਿਲਾ ਮਨੁੱਖੀ ਯੁਕਤ ਯਾਨ ਮਿਸ਼ਨ ਹੋਵੇਗਾ। ਕਰਾਰ 'ਤੇ ਹਸਤਾਖਰ ਹੋਣ ਮੌਕੇ ਫਰਾਂਸਿਸੀ ਪੁਲਾੜ ਏਜੰਸੀ ਸੀ.ਐਨ.ਈ.ਐਸ. ਦੇ ਪ੍ਰਧਾਨ ਜਿਆਂ ਯੇਵਸ ਲੀ ਗਾਲ ਨੇ ਕਿਹਾ ਕਿ ਦੋਹਾਂ ਮੁਲਕਾਂ ਨੇ ਇਸ ਪ੍ਰਾਜੈਕਟ ਲਈ ਇਕ ਕਾਰਜਕਾਰੀ ਸਮੂਹ ਗਠਿਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਮੁਲਕ ਜਿਸ ਸਥਿਤੀਆਂ ਵਿਚ ਇਕੱਠੇ ਕੰਮ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਪਰਿਭਾਸ਼ਿਤ ਕਰਨ ਲਈ ਸਮਝੌਤਾ ਨੋਟ 'ਤੇ ਹਸਤਾਖਰ ਕੀਤੇ ਗਏ ਹਨ।
ਗਾਲ ਨੇ ਕਿਹਾ ਕਿ ਐਮ.ਓ.ਯੂ. ਤਹਿਤ ਪਹਿਲਾ ਕਦਮ ਪੁਲਾੜ ਔਸ਼ਧੀ 'ਤੇ ਕੰਮ ਕਰਨ ਨੂੰ ਲੈ ਕੇ ਮਾਹਰਾਂ ਨਾਲ ਲੈਣ-ਦੇਣ ਕਰਨਾ ਹੈ। ਅਸੀਂ ਇਸ ਦੀ ਪਛਾਣ ਕਰਨ ਲਈ ਆਪਣੇ ਮਾਹਰਾਂ ਨੂੰ ਭੇਜ ਰਹੇ ਹਾਂ ਕਿ ਅਸਲ ਵਿਚ ਅਸੀਂ ਇਕੱਠੇ ਕੰਮ ਕਰਨ ਜਾ ਰਹੇ ਹਾਂ। ਸਾਡੇ ਕੋਲ ਫਰਾਂਸ ਵਿਚ ਪੁਲਾੜ ਹਸਪਤਾਲ ਵਰਗੀਆਂ ਸਹੂਲਤਾਂ ਹਨ ਤਾਂ ਅਸੀਂ ਇਸ ਵਿਚ ਵੀ ਸਹਿਯੋਗ ਕਰਾਂਗੇ। ਇਸਰੋ ਦੀ ਯੋਜਨਾ ਆਪਣੇ ਪੁਲਾੜ ਯਾਤਰੀਆਂ ਰਾਹੀਂ ਬਹੁਤ ਘੱਟ ਗਰੈਵਟੀ 'ਤੇ ਵਰਤੋਂ ਕਰਨ ਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ਮੌਕੇ ਲਾਲ ਕਿਲੇ ਦੀ ਪ੍ਰਾਚੀਰ ਤੋਂ 2022 ਤੱਕ ਪੁਲਾੜ ਵਿਚ ਮਨੁੱਖੀ ਮਿਸ਼ਨ ਭੇਜਣ ਬਾਰੇ ਐਲਾਨਿਆ ਸੀ। ਇਸ ਮਿਸ਼ਨ ਨਾਲ ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਪੁਲਾੜ ਵਿਚ ਮਨੁੱਖੀ ਮਿਸ਼ਨ ਭੇਜਣ ਵਾਲਾ ਚੌਥਾ ਮੁਲਕ ਹੋਵੇਗਾ।
ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦੀ ਮਾਰਚ ਵਿਚ ਹੋਈ ਨਵੀਂ ਦਿੱਲੀ ਯਾਤਰਾ ਦੌਰਾਨ ਫਰਾਂਸ ਅਤੇ ਭਾਰਤ ਵਿਚਾਲੇ ਮਨੁੱਖੀ ਮਿਸ਼ਨ ਵਿਚ ਸਹਿਯੋਗ 'ਤੇ ਸਹਿਮਤੀ ਬਣੀ ਸੀ। ਇਸ ਦੌਰਾਨ ਦੋਹਾਂ ਮੁਲਕਾਂ ਨੇ ਪੁਲਾੜ ਵਿਚ ਸਹਿਯੋਗ 'ਤੇ ਸਾਂਝਾ ਵਿਜ਼ਨ ਜਾਰੀ ਕੀਤਾ ਸੀ। ਇਸਰੋ ਦੇ ਪ੍ਰਧਾਨ ਕੇ ਸਿਵਨ ਨੇ ਦੱਸਿਆ ਕਿ ਸਾਂਝਾ ਦ੍ਰਿਸ਼ਟੀ ਪੱਤਰ ਇਕ ਵਿਆਪਕ ਸਮਝੌਤਾ ਸੀ, ਜਦੋਂ ਕਿ ਵੀਰਵਾਰ ਨੂੰ ਹੋਇਆ ਇਹ ਸਮਝੌਤਾ ਨੋਟ ਖਾਸ ਤੌਰ 'ਤੇ ਮਨੁੱਖੀਯੁਕਤ ਪੁਲਾੜ ਮਿਸ਼ਨ ਨੂੰ ਲੈ ਕੇ ਹੈ। ਦੋਹਾਂ ਦੇਸ਼ਾਂ ਦੀ ਯੋਜਨਾ ਮੰਗਲ ਗ੍ਰਹਿ, ਸ਼ੁੱਕਰ ਗ੍ਰਹਿ ਅਤੇ ਸ਼ੁਦਰ ਗ੍ਰਹਿ 'ਤੇ ਵੀ ਕੰਮ ਕਰਨ ਦੀ ਹੈ।