ਹਜ ਪ੍ਰਕਿਰਿਆ ਨੂੰ ਡਿਜੀਟਲ ਬਣਾਉਣ ਵਾਲਾ ਦੁਨੀਆ ਦਾ ਪਹਿਲਾਂ ਦੇਸ਼ ਬਣਿਆ ਭਾਰਤ

12/03/2019 2:49:45 PM

ਨਵੀਂ ਦਿੱਲੀ—ਭਾਰਤ ਹਜ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਡਿਜੀਟਲ ਬਣਾਉਣ ਵਾਲਾ ਦੁਨੀਆ ਦਾ ਪਹਿਲਾਂ ਦੇਸ਼ ਬਣ ਗਿਆ ਹੈ। ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ, ''ਆਨਲਾਈਨ ਅਪਲਾਈ, ਈ-ਵੀਜ਼ਾ, ਹਜ ਮੋਬਾਇਲ ਐਪ, ਈ-ਮਸੀਹਾ ਸਿਹਤ ਸਹੂਲਤ, ਮੱਕਾ ਮਦੀਨਾ 'ਚ ਰੁਕਣ ਅਤੇ ਆਵਾਜਾਈ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦੇਣ ਵਾਲੇ 'ਈ-ਲਗੈਜ਼ ਪ੍ਰੀ ਟੈਂਗਿੰਗ' ਨਾਲ ਅਗਲੇ ਸਾਲ ਹਜ ਯਾਤਰਾ 'ਤੇ ਜਾਣ ਵਾਲੇ 2 ਲੱਖ ਭਾਰਤੀ ਮੁਸਲਮਾਨਾਂ ਨੂੰ ਜੋੜਿਆ ਗਿਆ ਹੈ। ਨਕਵੀ ਨੇ ਐਤਵਾਰ ਨੂੰ ਸਾਊਦੀ ਅਰਬ ਦੇ ਹਜ ਅਤੇ ਉਮਰਾਹ ਮੰਤਰੀ ਮੁਹੰਮਦ ਸਾਲੇਹ ਬਿਨ ਤਾਹੇਰ ਦੇ ਨਾਲ ਦੁਵੱਲੀ ਹਜ 2020 ਸਮਝੌਤੇ 'ਤੇ ਦਸਤਖਤ ਕੀਤੇ।

ਨਕਵੀ ਨੇ ਕਿਹਾ ਹੈ ਕਿ ਪਹਿਲੀ ਵਾਰ ਏਅਰਲਾਈਨਜ਼ ਵੱਲੋਂ ਡਿਜੀਟਲ ਪ੍ਰੀ-ਟੈਂਗਿੰਗ ਦੀ ਵਿਵਸਥਾ ਕੀਤੀ ਗਈ ਹੈ, ਜਿਸ ਤੋਂ ਹਜ ਯਾਤਰੀਆਂ ਨੂੰ ਭਾਰਤ 'ਚ ਹੀ ਸਾਰੀਆਂ ਜਾਣਕਾਰੀਆਂ ਮਿਲ ਜਾਣਗੀਆਂ। ਇਸ ਦਾ ਮਤਲਬ ਕਿ ਹਜ ਯਾਤਰੀਆਂ ਨੂੰ ਮੱਕਾ ਮਦੀਨਾ 'ਚ ਕਿਸ ਇਮਾਰਤ ਦੇ ਕਿਸ ਕਮਰੇ 'ਚ ਰੁਕਣ ਅਤੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਕਿਹੜੇ ਨੰਬਰ ਦੀ ਬੱਸ ਲੈਣੀ ਹੋਵੇਗੀ, ਇਸ ਦੀ ਜਾਣਕਾਰੀ ਪਹਿਲਾਂ ਤੋਂ ਹੀ ਮਿਲ ਜਾਵੇਗੀ। ਯਾਤਰੀਆਂ ਦੇ ਸਿਮ ਕਾਰਡ ਨੂੰ ਹਜ ਮੋਬਾਇਲ ਐਪ ਰਾਹੀਂ ਲਿੰਕ ਕੀਤਾ ਜਾਵੇਗਾ, ਜਿਸ ਤੋਂ ਉਨ੍ਹਾਂ ਨੂੰ ਹਜ ਨਾਲ ਜੁੜੀਆਂ ਤਾਜ਼ਾ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ। ਇਸ ਸਾਲ 100 ਟੈਲੀਫੋਨ ਲਾਈਨ ਦਾ ਸੂਚਨਾ ਕੇਂਦਰ ਮੁੰਬਈ ਦੇ ਹਜ ਹਾਊਸ 'ਚ ਸ਼ੁਰੂ ਕੀਤਾ ਗਿਆ ਹੈ।

ਐਮਰਜੈਂਸੀ ਸਥਿਤੀ 'ਚ ਮਿਲੇਗੀ ਮੈਡੀਕਲ ਸੇਵਾ-
ਨਕਵੀ ਨੇ ਕਿਹਾ ਹੈ ਕਿ ਇੱਕ ਪਾਸੇ ਭਾਰਤ 'ਚ ਸਾਰੇ ਯਾਤਰੀਆਂ ਨੂੰ ਹੈਲਥ ਕਾਰਡ ਦਿੱਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ, ਉੱਥੇ ਹੀ ਸਾਊਦੀ ਅਰਬ 'ਚ ਉਨ੍ਹਾਂ ਨੂੰ 'ਈ-ਮਸੀਹਾ ਸਹੂਲਤ' ਦਿੱਤੀ ਜਾਵੇਗੀ। ਇਸ 'ਚ ਹਰ ਇੱਕ ਹਜ ਯਾਤਰੀ ਦੀ ਸਿਹਤ ਨਾਲ ਜੁੜੀਆਂ ਜਾਣਕਾਰੀਆਂ ਆਨਲਾਈਨ ਉਪਲੱਬਧ ਹੋਣਗੀਆਂ। ਐਮਰਜੈਂਸੀ ਸਥਿਤੀ 'ਚ ਫੌਰਨ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇਗੀ।

ਹਜ ਗਰੁੱਪ ਦੇ ਪ੍ਰਬੰਧਕ ਨੂੰ ਪੋਰਟਲ ਨਾਲ ਜੋੜਿਆ-
ਮੰਤਰੀ ਨੇ ਕਿਹਾ ਹੈ ਕਿ ਹਜ ਸਮੂਹ ਪ੍ਰਬੰਧਕਾਂ ਨੂੰ ਵੀ 100 ਫੀਸਦੀ ਡਿਜੀਟਲ ਕਰ ਪੋਰਟਲ ਨਾਲ ਜੋੜਿਆ ਗਿਆ ਹੈ। ਇਸ 'ਚ ਸਾਰੇ ਅਧਿਕਾਰਤ ਪ੍ਰਬੰਧਕਾਂ ਦੇ ਪੈਕੇਜ ਦੀ ਜਾਣਕਾਰੀ ਦਿੱਤੀ ਗਈ। ਅਗਲੇ ਸਾਲ 2 ਲੱਖ ਭਾਰਤੀ ਮੁਸਲਮਾਨ ਬਿਨਾਂ ਕਿਸੇ ਹਜ ਸਬਸਿਡੀ ਦੇ ਹਜ ਯਾਤਰਾ 'ਤੇ ਜਾਣਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ 30 ਨਵੰਬਰ ਤੱਕ ਭਾਰਤੀ ਹਜ ਕਮੇਟੀ ਨੂੰ ਕੁੱਲ 1,76,714 ਐਪਲੀਕੇਸ਼ਨਾਂ ਮਿਲੀਆਂ ਸਨ। ਅਪਲਾਈ ਦੀ ਆਖਰੀ ਤਾਰੀਕ 5 ਦਸੰਬਰ ਹੈ।


Iqbalkaur

Content Editor

Related News