ਭਾਰਤ 'ਚ ਕੋਰੋਨਾ ਵਾਇਰਸ ਟੀਕੇ ਨੂੰ ਲੈ ਕੇ ਸਿਹਤ ਮੰਤਰੀ ਦਾ ਵੱਡਾ ਬਿਆਨ
Saturday, Aug 22, 2020 - 11:13 PM (IST)
ਨਵੀਂ ਦਿੱਲੀ— ਭਾਰਤ 'ਚ ਇਹ ਸਾਲ ਖਤਮ ਹੋਣ ਤੱਕ ਕੋਰੋਨਾ ਟੀਕਾ ਮਿਲਣਾ ਸੰਭਵ ਹੋ ਸਕਦਾ ਹੈ। ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸ਼ਨੀਵਾਰ ਨੂੰ ਉਮੀਦ ਜਤਾਈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਸਾਲ ਦੇ ਅੰਤ ਤੱਕ ਭਾਰਤ ਨੂੰ ਕੋਵਿਡ-19 ਟੀਕਾ ਮਿਲ ਜਾਏਗਾ।
ਡਾ. ਹਰਸ਼ਵਰਧਨ ਨੇ ਕਿਹਾ, “ਵਿਸ਼ਵ ਭਰ ਟੀਕੇ ਦੀ ਖੋਜ ਕਰਨ 'ਚ ਕੰਮ ਕਰ ਰਿਹਾ ਹੈ। ਇਸ ਸਮੇਂ ਵਿਸ਼ਵ ਭਰ 'ਚ 26 ਵੈਕਸੀਨ ਕੈਂਡੀਡੇਟਸ ਕਲੀਨਿਕਲ ਟ੍ਰਾਇਲ 'ਚ ਹਨ। 139 ਕੈਂਡੀਡੇਟਸ ਵੱਖ-ਵੱਖ ਪੱਧਰਾਂ 'ਤੇ ਵਿਕਸਤ ਕੀਤੇ ਜਾ ਰਹੇ ਹਨ ਅਤੇ ਪ੍ਰੀ-ਕਲੀਨਿਕਲ ਟ੍ਰਾਇਲ 'ਚ ਹਨ।''
ਸਿਹਤ ਮੰਤਰੀ ਨੇ ਕਿਹਾ, “ਭਾਰਤ 'ਚ ਵੈਕਸੀਨ ਕੈਂਡੀਡੇਟਸ ਨੇ ਉਨ੍ਹਾਂ ਨਾਲੋਂ ਥੋੜ੍ਹੀ ਜਿਹੀ ਤਰੱਕੀ ਕੀਤੀ ਹੈ। ਇੱਥੇ ਕੁੱਲ ਮਿਲਾ ਕੇ ਲਗਭਗ ਅੱਧੇ ਦਰਜਨ ਕੈਂਡੀਡੇਟਸ ਹਨ। ਇਨ੍ਹਾਂ 'ਚੋਂ ਤਿੰਨ ਕ੍ਰਮਵਾਰ : ਪਹਿਲੇ, ਦੂਜੇ ਅਤੇ ਤੀਜੇ ਪੜਾਅ 'ਤੇ ਪਹੁੰਚ ਗਏ ਹਨ।'' ਡਾ. ਹਰਸ਼ਵਰਧਨ ਨੇ ਅੱਗੇ ਕਿਹਾ ਕਿ“ਸਾਨੂੰ ਪੂਰਾ ਵਿਸ਼ਵਾਸ ਹੈ ਕਿ ਟ੍ਰਾਇਲ ਇਸ ਸਾਲ ਦੇ ਅੰਦਰ ਹੀ ਪੂਰੇ ਹੋ ਜਾਣਗੇ ਤੇ ਇਨ੍ਹਾਂ ਦੇ ਨਤੀਜੇ ਪੂਰੇ ਦੇਸ਼ ਅਤੇ ਵਿਸ਼ਵ ਦੇ ਸਾਹਮਣੇ ਹੋਣਗੇ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਸਫਲ ਵੀ ਹੋਵਾਂਗੇ।
ਉਨ੍ਹਾਂ ਕਿਹਾ, ''ਜਿਵੇਂ ਹੀ ਦੇਸ਼ 'ਚ ਇਕ ਪ੍ਰਭਾਵਸ਼ਾਲੀ ਟੀਕਾ ਉਪਲਬਧ ਹੋਵੇਗਾ, ਅਸੀਂ ਭਾਰਤ 'ਚ ਇਸ ਦਾ ਨਿਰਮਾਣ ਸ਼ੁਰੂ ਕਰਾਂਗੇ ਅਤੇ ਇਸ ਨੂੰ ਜਨਤਾ ਲਈ ਉਪਲੱਬਧ ਕਰਵਾਵਾਂਗੇ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸਿਹਤ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਭਾਰਤ 'ਚ ਕੋਵਿਡ-19 ਦੀ ਰਿਕਵਰੀ ਦਰ ਸਰਬੋਤਮ ਲਗਭਗ 75 ਫੀਸਦੀ ਹੈ, ਜੋ ਕਿ ਹਰ ਦਿਨ ਸੁਧਰ ਰਹੀ ਹੈ ਅਤੇ ਦੁਨੀਆ 'ਚ ਸਭ ਤੋਂ ਘੱਟ ਮੌਤ ਦਰ 1.87 ਫੀਸਦੀ ਹੈ।