ਕੋਰੋਨਾ ਦੀ ਬੇਕਾਬੂ ਰਫ਼ਤਾਰ, ਇਕ ਦਿਨ ''ਚ 81 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ
Friday, Apr 02, 2021 - 11:01 AM (IST)
ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਸ ਇਨਫੈਕਸ਼ਨ ਦੇ 81 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ, ਜੋ 2021 'ਚ ਇਕ ਦਿਨ ਦੌਰਾਨ ਸਭ ਤੋਂ ਵੱਧ ਮਾਮਲੇ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨ ਵਾਇਰਸ ਦੇ 81,466 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ ਇਕ ਕਰੋੜ 23 ਲੱਖ 3 ਹਜ਼ਾਰ 131 ਹੋ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਤੋਂ ਸਿਹਤਮੰਦ ਹੋਣ ਲਈ ਗਡਕਰੀ ਕਰ ਰਹੇ ਨੇ ਇਹ ਕਸਰਤ
ਉੱਥੇ ਹੀ ਇਸ ਦੌਰਾਨ 50,356 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਨੂੰ ਮਿਲਾ ਕੇ ਹੁਣ ਤੱਕ 1,15,25,039 ਮਰੀਜ਼ ਠੀਕ ਵੀ ਹੋ ਚੁਕੇ ਹਨ। ਉੱਥੇ ਹੀ ਸਰਗਰਮ ਮਾਮਲੇ 6,14,696 ਹੋ ਗਏ ਹਨ। ਇਸ ਮਿਆਦ 'ਚ 469 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,63,396 ਹੋ ਗਈ ਹੈ। ਦੇਸ਼ 'ਚ ਰਿਕਵਰੀ ਦਰ ਘੱਟ ਕੇ 93.68 ਫੀਸਦੀ ਅਤੇ ਸਰਗਰਮ ਮਾਮਲਿਆਂ ਦੀ ਦਰ ਵੱਧ ਕੇ 5.00 ਫੀਸਦੀ ਹੋ ਗਈ ਹੈ, ਜਦੋਂ ਕਿ ਮੌਤ ਦਰ ਘੱਟ ਕੇ 1.33 ਫੀਸਦੀ ਰਹਿ ਗਈ ਹੈ। ਉੱਥੇ ਹੀ ਹੁਣ ਤੱਕ 6,87,89,138 ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ।
ਨੋਟ : ਕੋਰੋਨਾ ਦੇ ਵੱਧਦੇ ਮਾਮਲਿਆਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ