ਬੱਚਿਆਂ ਦੀ ਸਿਹਤ ''ਤੇ ਬੁਰਾ ਪ੍ਰਭਾਵ ਪਾ ਰਹੀ ਹੈ ਜਲਵਾਯੂ ਤਬਦੀਲੀ
Friday, Nov 15, 2019 - 11:24 AM (IST)
ਨਵੀਂ ਦਿੱਲੀ— ਦਿ ਲਾਂਸੇਟ ਮੈਗਜ਼ੀਨ 'ਚ ਛਪੀ ਇਕ ਰਿਪੋਰਟ ਅਨੁਸਾਰ ਬਦਲਦੀ ਜਲਵਾਯੂ ਦੇ ਦ੍ਰਿਸ਼ 'ਚ ਤਾਪਮਾਨ ਵਧਣ ਕਾਰਨ ਭਾਰਤ 'ਚ ਪੈਦਾ ਹੋਣ ਵਾਲੇ ਬੱਚਿਆਂ ਦੀ ਸਿਹਤ 'ਤੇ ਹਵਾ ਪ੍ਰਦੂਸ਼ਣ, ਲੂ ਅਤੇ ਕੁਪੋਸ਼ਣ ਦਾ ਖਰਾਬ ਅਸਰ ਪਵੇਗਾ ਅਤੇ ਉਹ ਸਰੀਰਕ ਤੇ ਮਾਨਸਿਕ ਰੂਪ ਨਾਲ ਕਮਜ਼ੋਰ ਹੋਣਗੇ। ਰਿਪੋਰਟ ਦੀ ਸਹਿ-ਲੇਖਿਕਾ ਪੂਰਨਿਮਾ ਪ੍ਰਭਾਕਰਨ ਨੇ ਕਿਹਾ ਕਿ ਭਾਰਤ ਆਪਣੀ ਵਿਸ਼ਾਲ ਆਬਾਦੀ, ਸਿਹਤ ਸੇਵਾ 'ਚ ਅਸਮਾਨਤਾਵਾਂ, ਗਰੀਬੀ ਅਤੇ ਕੁਪੋਸ਼ਣ ਕਾਰਨ ਜਲਵਾਯੂ ਤਬਦੀਲੀ ਦੇ ਸਿਹਤ ਪ੍ਰਭਾਵਾਂ ਤੋਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ 'ਚ ਸ਼ਾਮਲ ਹੈ। ਨਵੀਂ ਦਿੱਲੀ 'ਚ ਸਥਿਤ 'ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ' ਦੀ ਪ੍ਰੋਫੈਸਰ ਪ੍ਰਭਾਕਰਨ ਨੇ ਦੱਸਿਆ ਕਿ ਰਿਪੋਰਟ 'ਚ ਸਾਰੀ ਉਮਰ ਵਰਗ ਦੇ ਲੋਕਾਂ 'ਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਪਰ ਬੱਚਿਆਂ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਮੁੱਦਾ ਬਹੁਤ ਗੰਭੀਰ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਬੱਚਿਆਂ ਦੀ ਮੌਤ ਦਲ ਦਾ ਇਕ ਮੁੱਖ ਕਾਰਨ ਡਾਇਰੀਆ ਇਨਫੈਕਸ਼ਨ ਹੈ, ਜੋ ਹੌਲੀ-ਹੌਲੀ ਕਈ ਖੇਤਰਾਂ 'ਚ ਫੈਲ ਜਾਵੇਗਾ। ਹਜ਼ਾਰਾਂ ਲੋਕਾਂ ਲਈ ਜਾਨਲੇਵਾ ਸਾਬਤ ਹੋਈ ਸਾਲ 2015 ਦੀ ਘਾਤਕ ਲੂ ਜਲਦ ਹੀ ਸਾਡੀ ਲਈ ਰੋਜ਼ ਦੀ ਗੱਲ ਹੋ ਜਾਵੇਗੀ। ਪ੍ਰਭਾਕਰਨ ਨੇ ਦੱਸਿਆ ਕਿ ਬੱਚੇ ਬਦਲਦੇ ਜਲਵਾਯੂ ਨਾਲ ਹੋਣ ਵਾਲੇ ਸਿਹਤ ਜ਼ੋਖਮਾਂ ਦੇ ਪ੍ਰਤੀ ਵਧ ਸੰਵੇਦਨਸ਼ੀਲ ਹੁੰਦੇ ਹਨ। ਉਨ੍ਹਾਂ ਦਾ ਸਰੀਰ ਅਤੇ ਇਮਿਊਨ ਸਿਸਟਮ ਹਾਲੇ ਵੀ ਇਕ ਵਿਕਾਸਸ਼ੀਲ ਪੜਾਅ 'ਚ ਹੈ, ਜਿਸ ਨਾਲ ਉਨ੍ਹਾਂ ਨੂੰ ਬੀਮਾਰੀ, ਪ੍ਰਦੂਸ਼ਣ ਅਤੇ ਵਾਤਾਵਰਣ ਪ੍ਰਦੂਸ਼ਕ ਤੋਂ ਵਧ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। 'ਲਾਂਸੇਟ ਕਾਊਂਟਡਾਊਨ ਆਨ ਹੈਲਥ ਐਂਡ ਕਲਾਈਮੇਟ ਚੇਂਜ' ਸਿਹਤ ਅਤੇ ਜਲਵਾਯੂ ਤਬਦੀਲੀ ਸੰਬੰਧ 41 ਮੁੱਖ ਸੰਕੇਤਕਾਂ 'ਤੇ ਸਲਾਨਾ ਵਿਸ਼ਲੇਸ਼ਣ ਹੈ। ਇਹ ਸਲਾਨਾ ਪ੍ਰਾਜੈਕਟ ਵਿਸ਼ਵ ਸਿਹਤ ਸੰਗਠਨ ਅਤੇ ਵਿਸ਼ਵ ਬੈਂਕ ਸਮੇਤ 34 ਸੰਸਥਾਵਾਂ ਦੇ 120 ਮਾਹਰਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।