ਦੀਵਾਲੀ ਤੋਂ ਪਹਿਲਾਂ LAC ਤੋਂ ਪਿੱਛੇ ਹਟਣਗੀਆਂ ਭਾਰਤ-ਚੀਨ ਦੀਆਂ ਫ਼ੌਜਾਂ
Friday, Oct 25, 2024 - 06:00 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਅਤੇ ਚੀਨ ਨੇ ਪੂਰਬੀ ਲੱਦਾਖ 'ਚ ਡੇਮਚੋਕ ਅਤੇ ਡੇਪਸਾਂਗ ਮੈਦਾਨੀ ਖੇਤਰਾਂ 'ਚ ਟਕਰਾਅ ਵਾਲੇ 2 ਬਿੰਦੂਆਂ ਤੋਂ ਫ਼ੌਜੀਆਂ ਦੀ ਵਾਪਸੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪ੍ਰਕਿਰਿਆ 28-29 ਅਕਤੂਬਰ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਝ ਦਿਨ ਪਹਿਲੇ ਦੋਹਾਂ ਦੇਸ਼ਾਂ ਵਿਚਾਲੇ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਕੋਲੋਂ ਫ਼ੌਜੀਆਂ ਦੀ ਵਾਪਸੀ ਅਤੇ ਗਸ਼ਤ ਨੂੰ ਲੈ ਕੇ ਸਮਝੌਤਾ ਹੋਇਆ ਸੀ, ਜੋ ਚਾਰ ਸਾਲ ਤੋਂ ਵੱਧ ਸਮੇਂ ਤੋਂ ਜਾਰੀ ਗਤੀਰੋਧ ਨੂੰ ਖ਼ਤਮ ਕਰਨ ਦੀ ਦਿਸ਼ਾ 'ਚ ਇਕ ਵੱਡੀ ਸਫ਼ਲਤਾ ਹੈ। ਸੂਤਰਾਂ ਨੇ ਕਿਹਾ ਕਿ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਟਕਰਾਅ ਵਾਲੇ ਦੋਵੇਂ ਬਿੰਦੂਆਂ 'ਤੇ ਗਸ਼ਤ ਸ਼ੁਰੂ ਹੋਵੇਗੀ ਅਤੇ ਦੋਵੇਂ ਪੱਖ ਆਪਣੇ-ਆਪਣੇ ਫ਼ੌਜੀਆਂ ਨੂੰ ਹਟਾ ਕੇ ਅਸਥਾਈ ਢਾਂਚਿਆਂ ਨੂੰ ਨਸ਼ਟ ਕਰ ਦੇਣਗੇ। ਉਨ੍ਹਾਂ ਕਿਾ ਕਿ ਗਸ਼ਤ ਦਾ ਪੱਧਰ ਅਪ੍ਰੈਲ 2020 ਤੋਂ ਪਹਿਲੇ ਦੇ ਪੱਧਰ ਤੱਕ ਪਹੁੰਚ ਸਕਦਾ ਹੈ। ਫ਼ੌਜ ਸੂਤਰਾਂ ਨੇ ਦੱਸਿਆ ਕਿ ਸਮਝੌਤਾ ਰੂਪਰੇਖਾ 'ਤੇ ਪਹਿਲੀ ਵਾਰ ਕੂਟਨੀਤਕ ਪੱਧਰ 'ਤੇ ਸਹਿਮਤੀ ਬਣੀ ਸੀ ਅਤੇ ਫਿਰ ਫ਼ੌਜੀ ਪੱਧਰ 'ਤੇ ਗੱਲਬਾਤ ਹੋਈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਉਨ੍ਹਾਂ ਕਿਹਾ ਕਿ ਕੋਰ ਕਮਾਂਡਰ ਪੱਧਰ ਦੀ ਗੱਲਬਾਤ 'ਚ ਸਮਝੌਤੇ ਦੇ ਮਹੱਤਵਪੂਰਨ ਪਹਿਲੂਆਂ 'ਤੇ ਕੰਮ ਹੋਇਆ। ਦੋਹਾਂ ਪੱਖਾਂ ਵਿਚਾਲੇ ਸਮਝੌਤਿਆਂ ਦੀ ਪਾਲਣਾ ਕਰਦੇ ਹੋਏ ਭਾਰਤੀ ਫ਼ੌਜੀਆਂ ਨੇ ਇਨ੍ਹਾਂ ਖੇਤਰਾਂ 'ਚ ਸਾਜ਼ੋ-ਸਾਮਾਨ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਜੂਨ 2020 'ਚ ਗਲਵਾਨ ਘਾਟੀ 'ਚ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਭਿਆਨਕ ਸੰਘਰਸ਼ ਤੋਂ ਬਾਅਦ ਸੰਬੰਧਾਂ 'ਚ ਤਣਾਅ ਆ ਗਿਆ ਸੀ। ਇਹ ਪਿਛਲੇ ਕੁਝ ਦਹਾਕਿਆਂ 'ਚ ਦੋਹਾਂ ਪੱਖਾਂ ਵਿਚਾਲੇ ਸਭ ਤੋਂ ਗੰਭੀਰ ਫ਼ੌਜ ਸੰਘਰਸ਼ ਸੀ। ਵਿਦੇਸ਼ ਸਕੱਤਰ ਵਿਰਕਮ ਮਿਸਤਰੀ ਨੇ 21 ਅਕਤੂਬਰ ਨੂੰ ਦਿੱਲੀ 'ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਪਿਛਲੇ ਕੁਝ ਹਫ਼ਤੇ 'ਚ ਹੋਈ ਗੱਲਬਾਤ ਤੋਂ ਬਾਅਦ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ ਅਤੇ ਇਸ ਨਾਲ 2020 'ਚ ਸਾਹਮਣੇ ਆਏ ਮੁੱਦਿਆਂ ਦਾ ਹੱਲ ਨਿਕਲੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 23 ਅਕਤੂਬਰ ਨੂੰ ਰੂਸ ਦੇ ਕਜ਼ਾਨ 'ਚ ਬ੍ਰਿਕਸ ਸੰਮੇਲਨ ਤੋਂ ਇਲਾਵਾ ਆਪਣੀ ਦੁਵੱਲੀ ਗੱਲਬਾਤ 'ਚ ਪੂਰਬੀ ਲੱਦਾਖ 'ਚ ਐੱਲਏਸੀ ਦੇ ਨਾਲ-ਨਾਲ ਫ਼ੌਜੀਆਂ ਦੀ ਵਾਪਸੀ ਅਤੇ ਗਸ਼ਤ ਬਾਰੇ ਸਮਝੌਤੇ ਦਾ ਸਮਰਥਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8