ਬੌਖਲਾਏ ਚੀਨ ਨੇ ਫਿਰ ਚੁੱਕਿਆ ਚੀਨੀ ਐਪਸ 'ਤੇ ਪਾਬੰਦੀ ਦਾ ਮੁੱਦਾ, ਭਾਰਤ ਨੇ ਦਿੱਤਾ ਇਹ ਜਵਾਬ

07/14/2020 12:18:58 PM

ਨਵੀਂ ਦਿੱਲੀ : ਭਾਰਤ-ਚੀਨ ਵਿਚਾਲੇ ਸਰਹੱਦ 'ਤੇ ਦੋਵਾਂ ਦੇਸ਼ਾਂ ਵੱਲੋਂ ਤਣਾਅ ਘੱਟ ਕਰਣ ਦੀਆਂ ਕੋਸ਼ਿਸ਼ਾਂ ਦੌਰਾਨ ਚੀਨ ਨੇ ਭਾਰਤ ਵੱਲੋਂ 59 ਚੀਨੀ ਮੋਬਾਇਲ ਐਪਸ 'ਤੇ ਪਾਬੰਦੀ ਲਗਾਏ ਜਾਣ ਦਾ ਮੁੱਦਾ ਇਕ ਵਾਰ ਫਿਰ ਚੁੱਕਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਡਿਪਲੋਮੈਟਿਕ ਪੱਧਰ ਦੀ ਇਕ ਬੈਠਕ ਦੌਰਾਨ ਚੀਨੀ ਪੱਖ ਨੇ ਭਾਰਤ ਵਿਚ ਆਪਣੇ ਮੋਬਾਇਲ ਐਪਸ 'ਤੇ ਪਾਬੰਦੀ ਦਾ ਮੁੱਦਾ ਚੁੱਕਿਆ ਅਤੇ ਅਜਿਹਾ ਕਰਨ ਦੀ ਵਜ੍ਹਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਭਾਰਤ ਪੱਖ ਨੇ ਚੀਨ ਨੂੰ ਸਾਫ਼-ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿ ਭਾਰਤ ਵਿਚ ਇਹ ਕਾਰਵਾਈ ਸੁਰੱਖਿਆ ਮੁੱਦਿਆਂ ਨੂੰ ਵੇਖਦੇ ਹੋਏ ਕੀਤੀ ਗਈ ਹੈ। ਭਾਰਤ ਨਹੀਂ ਚਾਹੁੰਦਾ ਕਿ ਭਾਰਤ ਦੇ ਨਾਗਰਿਕਾਂ ਨਾਲ ਜੁੜੇ ਡਾਟਾ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਛਾੜ ਹੋਵੇ।

ਦੱਸ ਦੇਈਏ ਕਿ ਭਾਰਤ ਨੇ ਹਾਲ ਹੀ ਵਿਚ ਜਿਨ੍ਹਾਂ ਚੀਨੀ ਮੋਬਾਇਲ ਐਪਸ 'ਤੇ ਪਾਬੰਦੀ ਲਗਾਈ ਸੀ। ਇਨ੍ਹਾਂ 'ਤੇ ਸੁਰੱਖਿਆ ਅਤੇ ਭਾਰਤੀ ਯੂਜ਼ਰਸ ਦੇ ਡਾਟਾ ਦਾ ਗਲਤ ਇਸਤੇਮਾਲ ਕਰਣ ਦਾ ਇਲਜ਼ਾਮ ਲਗਾਇਆ ਗਿਆ ਹੈ। ਚੀਨੀ ਐਪਸ 'ਤੇ ਪਾਬੰਦੀ ਸੂਚਨਾ ਤਕਨੀਕੀ ਨਿਯਮ ਦੇ ਸੈਕਸ਼ਨ 69 ਏ ਦੇ ਤਹਿਤ ਲਗਾਈ ਗਈ ਹੈ। ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਏਕਤਾ ਅਤੇ ਅਖੰਡਤਾ ਦੇ ਇਲਾਵਾ ਯੂਜ਼ਰਸ ਦੇ ਡਾਟਾ ਦੀ ਗੋਪਨੀਯਤਾ ਬਣਾਈ ਰੱਖਣਾ ਵੀ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ 29 ਜੂਨ ਨੂੰ ਭਾਰਤ ਸਰਕਾਰ ਵੱਲੋਂ ਚੀਨ ਨਾਲ ਸੰਬੰਧ ਰੱਖਣ ਵਾਲੀਆਂ 59 ਐਪਸ 'ਤੇ ਪਾਬੰਦੀ ਲਗਾਈ ਗਈ ਸੀ। ਇਨ੍ਹਾਂ ਵਿਚ ਕਾਫ਼ੀ ਪ੍ਰਸਿੱਧ ਟਿਕਟਾਕ ਅਤੇ ਯੂ.ਸੀ. ਬ੍ਰਾਊਜ਼ਰ ਵੀ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਐਪ ਦੇਸ਼ ਦੀ ਸੰਪ੍ਰਭੁਤਾ, ਅਖੰਡਤਾ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਨੁਕਸਾਨਦੇਹ ਹੈ। ਇਸ ਦੌਰਾਨ ਟਿਕਟਾਕ ਐਪ ਨੂੰ ਗੂਗਲ ਪਲੇ ਸਟੋਰ ਅਤੇ ਐੱਪਲ ਐਪ ਸਟੋਰ ਤੋਂ ਹਟਾ ਲਿਆ ਗਿਆ ਹੈ।


cherry

Content Editor

Related News