ਚੰਦਰਮਾ ’ਤੇ ਜਾਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਭਾਰਤ : ਜਿਤੇਂਦਰ
Monday, Jul 10, 2023 - 11:30 AM (IST)
ਨਵੀਂ ਦਿੱਲੀ/ਜੈਤੋ, (ਯੂ. ਐੱਨ. ਆਈ., ਪਰਾਸ਼ਰ)- ਕੇਂਦਰੀ ਵਿਗਿਆਨ ਅਤੇ ਤਕਨੀਕੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਪੁਲਾੜ ਖੇਤਰ ’ਚ ਵੱਡੀ ਉਪਲਬਧੀ ਹਾਸਲ ਕਰਨ ਤੋਂ ਬਾਅਦ ਭਾਰਤ ਚੰਦਰਮਾ ’ਤੇ ਜਾਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਅਤੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਨਾਲ ਭਾਰਤ ਛੇਤੀ ਹੀ ਚੰਦਰਮਾ ’ਤੇ ਯਾਨ ਉਤਾਰਣ ਵਾਲਾ ਚੌਥਾ ਦੇਸ਼ ਬਣ ਜਾਵੇਗਾ।
ਜਿਤੇਂਦਰ ਸਿੰਘ ਨੇ ਕਿਹਾ ਕਿ ਚੰਦਰਯਾਨ-3 ਨੂੰ ਇਸ ਹਫ਼ਤੇ ਸ਼੍ਰੀਹਰੀਕੋਟਾ ਤੋਂ ਦਾਗਿਆ ਜਾਵੇਗਾ। ਪੁਲਾੜ ਖੇਤਰ ’ਚ ਦੇਸ਼ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਪਛਾਣ ਅਜਿਹੇ ਦੇਸ਼ ਦੇ ਰੂਪ ’ਚ ਕੀਤੀ ਜਾ ਰਹੀ ਹੈ, ਜੋ ਦਹਾਕਿਆਂ ਪਹਿਲਾਂ ਪੁਲਾੜ ਦੇ ਖੇਤਰ ’ਚ ਆਪਣਾ ਝੰਡਾ ਲਹਿਰਾ ਚੁੱਕੇ ਦੇਸ਼ਾਂ ਦਾ ਸਹਿਯੋਗੀ ਹੈ। ਵਿਗਿਆਨ ਅਤੇ ਤਕਨੀਕੀ ਮੰਤਰਾਲਾ ਅਨੁਸਾਰ ਡਾ. ਸਿੰਘ ਨੇ ਐਤਵਾਰ ਨੂੰ ਇਕ ਇੰਟਰਵਿਊ ’ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨਕਾਲ ’ਚ ਪੁਲਾੜ ਮਾਮਲੇ ’ਚ ਵੱਡੀ ਮੁਹਾਰਤ ਹਾਸਲ ਕਰਨ ਤੋਂ ਬਾਅਦ, ਭਾਰਤ ਚੰਦਰਮਾ ’ਤੇ ਜਾਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ।
ਉਨ੍ਹਾਂ ਕਿਹਾ ਕਿ ਚੰਦਰਯਾਨ-3 ਮਿਸ਼ਨ ਦਾ ਮੰਤਵ ਚੰਦਰਮਾ ਦੀ ਧਰਤੀ ’ਤੇ ਸਾਫਟ ਲੈਂਡਿੰਗ ਅਤੇ ਰੋਵਿੰਗ ’ਚ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪੁਲਾੜ ਗੱਡੀ ਨੂੰ ਚੰਦਰਮਾ ਦੇ ਪੰਧ ’ਚ ਦਾਖ਼ਲ ਹੋਣ ਲਈ ਜ਼ਰੂਰੀ ਮੁਸ਼ਕਲ ਮਿਸ਼ਨ ਪ੍ਰੋਫਾਈਲ ਨੂੰ ਬਹੁਤ ਸਟੀਕ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ।