ਭਾਰਤ ਨਾਲ ਦੋ-ਪੱਖੀ ਸਬੰਧਾਂ ਦੇ 'ਸਹੀ ਮਾਰਗ' 'ਤੇ ਬਣੇ ਰਹਿਣਾ ਚਾਹੁੰਦਾ ਹੈ ਚੀਨ

Monday, Apr 16, 2018 - 04:52 PM (IST)

ਬੀਜਿੰਗ(ਭਾਸ਼ਾ)— ਚੀਨ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਦੋ-ਪੱਖੀ ਸਬੰਧ ਦੇ 'ਸਹੀ ਮਾਰਗ' 'ਤੇ ਬਣੇ ਰਹਿਣ, ਸਹਿਯੋਗ ਦੇ ਨਵੇਂ ਖੇਤਰਾਂ ਦੀਆਂ ਸੰਭਾਵਨਾਵਾਂ ਲੱਭਣ ਅਤੇ ਸਬੰਧਾਂ ਵਿਚ ਲਗਾਤਾਰ ਵਿਕਾਸ ਚਾਹੁੰਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਨ ਹੁਆ ਚੁਨਯਿੰਗ ਨੇ ਮੀਡੀਆ ਬ੍ਰੀਫਿੰਗ ਦੌਰਾਨ ਇਹ ਟਿੱਪਣੀ ਕੀਤੀ। ਉਨ੍ਹਾਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਉਚ ਪੱਧਰੀ ਭੇਂਟ ਵਾਰਤਾ ਦੀਆਂ ਲੜੀਆਂ ਦੇ ਬਾਰੇ ਵਿਚ ਸਵਾਲ ਕੀਤਾ ਗਿਆ ਸੀ। ਪਿਛਲੇ ਸਾਲ ਡੋਕਲਾਮ ਗਤੀਰੋਧ ਤੋਂ ਬਾਅਦ ਭਾਰਤ ਅਤੇ ਚੀਨ ਨੇ ਸਬੰਧਾਂ ਨੂੰ ਦੁਬਾਰਾ ਪਟੜੀ 'ਤੇ ਲਿਆਉਣ ਲਈ ਵੱਖ-ਵੱਖ ਪੱਧਰਾਂ 'ਤੇ ਗੱਲਬਾਤ ਤੇਜ਼ ਕਰ ਦਿੱਤੀ ਸੀ।

ਹੁਆ ਨੇ ਕਿਹਾ ਕਿ ਭਾਰਤ ਨਾਲ ਚੀਨ ਦੇ ਰਿਸ਼ਤੇ ਵਿਚ ਇਸ ਸਾਲ ਨਵੀਂ ਤਰੱਕੀ ਅਤੇ ਸੰਪੂਰਨ ਸਹਿਯੋਗ ਨਜ਼ਰ ਆਇਆ। ਉਨ੍ਹਾਂ ਕਿਹਾ, 'ਦੋਵਾਂ ਨੇਤਾਵਾਂ (ਚੀਨੀ ਰਾਸ਼ਟਰਪਤੀ ਸ਼ੀ ਚਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਦੇ ਮਾਰਗਦਰਸ਼ਨ ਵਿਚ ਇਸ ਸਾਲ ਚੀਨ ਅਤੇ ਭਾਰਤ ਸਬੰਧ ਸਹੀ ਗਤੀ ਨਾਲ ਵਧ ਰਹੇ ਹਨ। ਅੱਗੇ ਉਨ੍ਹਾਂ ਕਿਹਾ ਚੀਨ ਭਾਰਤ ਨਾਲ ਸਬੰਧਾਂ ਦੇ ਵਿਕਾਸ ਨੂੰ ਬਹੁਤ ਮਹੱਤਵ ਦਿੰਦਾ ਹੈ ਅਤੇ ਅਸੀਂ ਨੇਤਾਵਾਂ ਵਿਚਕਾਰ ਬਣੀ ਸਹਿਮਤੀ ਨੂੰ ਲਾਗੂ ਕਰਨ, ਦੋ-ਪੱਖੀ ਸਬੰਧ ਦੇ ਸਹੀ ਮਾਰਗ 'ਤੇ ਬਣੇ ਰਹਿਣ, ਜ਼ਿਆਦਾ ਸਕਾਰਾਤਮਕ ਊਰਜਾ ਇਕੱਠੀ ਕਰਨ, ਸਹਿਯੋਗ ਦੇ ਨਵੇਂ ਖੇਤਰਾਂ ਦੀਆਂ ਸੰਭਾਵਨਾਵਾਂ ਖੰਗਾਲਣ ਅਤੇ ਦੋ-ਪੱਖੀ ਰਿਸ਼ਤੇ ਵਿਚ ਲਗਾਤਾਰ ਵਿਕਾਸ ਲਈ ਨਾਲ ਮਿਲ ਕੇ ਕੰਮ ਕਰਨਾ ਚਾਹੁੰਣਗੇ।'
ਹੁਆ ਨੇ ਬਿਨਾਂ ਕੋਈ ਬਿਓਰਾ ਦਿੰਦੇ ਹੋਏ ਕਿਹਾ, ' ਅਸੀਂ ਸਾਰੇ ਪੱਧਰਾਂ 'ਤੇ ਗੁੜ੍ਹੀ ਗੱਲਬਾਤ ਅਤੇ ਸੰਪੂਰਨ ਸਹਿਯੋਗ ਵਿਚ ਨਵੀਂ ਤਰੱਕੀ ਦੇਖੀ ਹੈ।' 13 ਅਪ੍ਰੈਲ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਦੇ ਵਿਦੇਸ਼ ਮਾਮਲਿਆਂ ਦੇ ਕਮਿਸ਼ਨ ਦੇ ਨਿਦੇਸ਼ਕ ਅਤੇ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਦੇ ਮੈਂਬਰ ਯਾਂਗ ਜੀਚੀ ਵਿਚਕਾਰ ਸ਼ੰਘਾਈ ਵਿਚ ਭੇਂਟ ਵਾਰਤਾ ਹੋਈ ਸੀ। ਹੁਆ ਨੇ ਕਿਹਾ ਕਿ ਇਸ ਭੇਂਟ ਵਾਰਤਾ ਤੋਂ ਇਲਾਵਾ ਦੋਵਾਂ ਦੇਸ਼ਾਂ ਨੇ ਸੰਯੁਕਤ ਆਰਥਿਕ ਸਮੂਹ ਦੀ ਬੈਠਕ ਦੀ ਸਫਲ 11ਵੀਂ ਬੈਠਕ ਅਤੇ ਪੰਜਵੀਂ ਰਣਨੀਤਕ ਆਰਥਿਕ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀਆਂ ਨੇ ਵੀ ਆਪਸ ਵਿਚ ਬੈਠਕ ਕੀਤੀ। ਦੋਵਾਂ ਪੱਖਾਂ ਨੇ ਸਰਹੱਦੀ ਵਿਸ਼ਿਆਂ ਅਤੇ ਸਰਹੱਦ ਪਾਰ ਨਦੀਆਂ ਦੇ ਬਾਰੇ ਵਿਚ ਕਾਰਜਪ੍ਰਣਾਲੀ ਬੈਠਕ ਕੀਤੀ। ਉਨ੍ਹਾਂ ਕਿਹਾ, 'ਇਹ ਸਾਰੀ ਗੱਲਬਾਤ ਦਰਸਾਉਂਦੀ ਹੈ ਕਿ ਚੀਨ ਅਤੇ ਭਾਰਤ ਦੇ ਕਾਫੀ ਸਾਂਝੇ ਹਿੱਤ ਹਨ ਅਤੇ ਸਾਡੇ ਦੋ-ਪੱਖੀ ਸਹਿਯੋਗ ਦੀਆਂ ਕਾਫੀ ਸੰਭਾਵਨਾਵਾਂ ਹਨ।'
ਇੱਥੇ ਇਹ ਦੱਸਣਯੋਗ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਵੀ ਸ਼ੰਘਾਈ ਸਹਿਯੋਗ ਸੰਗਠਨ ਦੀਆਂ ਬੈਠਕਾਂ ਵਿਚ ਹਿੱਸਾ ਲੈਣ ਲਈ 24 ਅਪ੍ਰੈਲ ਨੂੰ ਚੀਨ ਦੀ ਯਾਤਰਾ ਕਰਨ ਵਾਲੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਸ਼ੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ ਵਿਚ ਹਿੱਸਾ ਲੈਣ ਲਈ ਜੂਨ ਵਿਚ ਚੀਨ ਯਾਤਰਾ 'ਤੇ ਜਾਣ ਦਾ ਪ੍ਰੋਗਰਾਮ ਹੈ।


Related News