ਭਾਰਤ ਨੇ ਆਸਟ੍ਰੇਲੀਆ ਨਾਲ ਇਕ ਵੱਡੇ ਇਤਿਹਾਸਕ ਵਪਾਰ ਸਮਝੌਤੇ 'ਤੇ ਕੀਤੇ ਦਸਤਖ਼ਤ
Saturday, Apr 02, 2022 - 12:18 PM (IST)
ਨਵੀਂ ਦਿੱਲੀ (ਵਾਰਤਾ)- ਭਾਰਤ ਨੇ ਸ਼ਨੀਵਾਰ ਨੂੰ ਆਸਟ੍ਰੇਲੀਆ ਨਾਲ ਇਕ ਵੱਡੇ ਇਤਿਹਾਸਕ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ, ਜਿਸ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਸੰਬੰਧਾਂ ਨੂੰ ਉਤਸ਼ਾਹ ਦੇਣਾ ਹੈ। ਇਸ ਸਮਝੌਤੇ ਦੇ ਅਧੀਨ ਆਸਟ੍ਰੇਲੀਆ ਟੈਕਸਟਾਈਲ, ਚਮੜਾ, ਗਹਿਣੇ ਅਤੇ ਖੇਡ ਉਤਪਾਦਾਂ ਸਮੇਤ 95 ਫੀਸਦੀ ਤੋਂ ਵਧ ਭਾਰਤੀ ਵਸਤੂਆਂ ਲਈ ਆਪਣੇ ਬਜ਼ਾਰ 'ਚ ਫੀਸ ਮੁਕਤ ਪਹੁੰਚ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ ਦੋ-ਪੱਖੀ ਸੰਬੰਧਾਂ ਲਈ ਇਕ 'ਵਾਟਰਸ਼ੈੱਡ ਪਲ' ਹੈ। ਅੰਤਰਿਮ ਮੁਕਤ ਵਪਾਰ ਸਮਝੌਤੇ ਦਾ ਮਕਸਦ ਭਾਰਤ ਨੂੰ ਆਸਟ੍ਰੇਲੀਆਈ ਵਸਤੂਆਂ ਦੇ ਨਿਰਯਾਤ 'ਤੇ 85 ਫੀਸਦੀ ਫੀਸ ਨੂੰ ਖ਼ਤਮ ਕਰਨਾ ਹੈ। ਪੀ.ਐੱਮ. ਮੋਦੀ ਨੇ ਸਮਝੌਤੇ ਦੇ ਇਕ ਆਭਾਸੀ ਦਸਤਖ਼ਤ ਸਮਾਰੋਹ 'ਚ ਕਿਹਾ,''ਇੰਨੇ ਘੱਟ ਸਮੇਂ 'ਚ ਇਸ ਤਰ੍ਹਾਂ ਦੇ ਇਕ ਮਹੱਤਵਪੂਰਨ ਸਮਝੌਤੇ 'ਤੇ ਸਹਿਮਤੀ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਵਿਸ਼ਵਾਸ ਦਰਸਾਉਂਦੀ ਹੈ। ਇਹ ਅਸਲ 'ਚ ਸਾਡੇ ਦੋ-ਪੱਖੀ ਸੰਬੰਧਾਂ ਲਈ ਇਕ ਮਹੱਤਵਪੂਰਨ ਪਲ ਹੈ।'' ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਅਤੇ ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਡੇਨ ਤੇਹਾਨ ਨੇ ਇਕ ਆਨਲਾਈਨ ਸਮਾਰੋਹ 'ਚ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਸਕਾਟ ਮਾਰੀਸਨ ਵੀ ਮੌਜੂਦ ਸਨ।
ਉੱਥੇ ਹੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਨਾਲ ਆਸਟ੍ਰੇਲੀਆ ਦੇ ਨਜ਼ਦੀਕੀ ਸਬੰਧਾਂ ਨੂੰ ਹੋਰ ਵੀ ਗੂੜ੍ਹਾ ਕਰੇਗਾ। ਇਸ ਮੌਕੇ ਵਣਜ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋ-ਪੱਖੀ ਵਪਾਰ ਨੂੰ 27 ਅਰਬ ਡਾਲਰ ਤੋਂ ਵਧਾ ਕੇ 45-50 ਅਰਬ ਡਾਲਰ ਤੱਕ ਪਹੁੰਚਣ 'ਚ ਮਦਦਗਾਰ ਹੋਵੇਗਾ। ਆਸਟ੍ਰੇਲੀਆ ਇਸ ਸਮਝੌਤੇ ਤਹਿਤ ਭਾਰਤ ਨੂੰ ਪਹਿਲੇ ਦਿਨ ਤੋਂ ਹੀ ਬਰਾਮਦ ਦੇ ਮੁੱਲ ਦੇ ਲਗਭਗ 96.4 ਫੀਸਦੀ 'ਤੇ ਜ਼ੀਰੋ ਫੀਸ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਵਿਚ ਬਹੁਤ ਸਾਰੇ ਉਤਪਾਦ ਸ਼ਾਮਲ ਹਨ ਜੋ ਮੌਜੂਦਾ ਸਮੇਂ 'ਚ ਆਸਟ੍ਰੇਲੀਆ 'ਚ ਚਾਰ ਤੋਂ ਪੰਜ ਫੀਸਦੀ ਦੀ ਕਸਟਮ ਡਿਊਟੀ ਲੱਗਦੀ ਹੈ। ਇਸ ਸਮਝੌਤੇ ਨਾਲ ਟੈਕਸਟਾਈਲ ਅਤੇ ਕੱਪੜੇ, ਚੋਣਵੇਂ ਖੇਤੀਬਾੜੀ ਅਤੇ ਮੱਛੀ ਪਾਲਣ ਉਤਪਾਦ, ਚਮੜਾ, ਜੁੱਤੀਆਂ, ਫਰਨੀਚਰ, ਖੇਡ ਉਤਪਾਦ, ਗਹਿਣੇ, ਮਸ਼ੀਨਰੀ, ਇਲੈਕਟ੍ਰਿਕ ਸਮਾਨ ਅਤੇ ਰੇਲਵੇ ਵੈਗਨ ਵਰਗੇ ਕਿਰਤ-ਸੰਬੰਧੀ ਖੇਤਰਾਂ ਨੂੰ ਇਸ ਸਮਝੌਤੇ ਤੋਂ ਲਾਭ ਹੋਵੇਗਾ। ਭਾਰਤ ਲਈ ਆਸਟ੍ਰੇਲੀਆ 17ਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਭਾਰਤ ਆਸਟ੍ਰੇਲੀਆ ਲਈ ਨੌਵਾਂ ਸਭ ਤੋਂ ਵੱਡਾ ਸਾਂਝੇਦਾਰ ਹੈ। ਦੋਹਾਂ ਦੇਸ਼ਾਂ ਵਿਚਕਾਰ 2021 'ਚ ਵਸਤੂਆਂ ਅਤੇ ਸੇਵਾਵਾਂ ਵਿਚ ਦੁਵੱਲਾ ਵਪਾਰ 27.5 ਅਰਬ ਡਾਲਰ ਸੀ। 2021 ਵਿਚ ਭਾਰਤ ਤੋਂ ਵਸਤੂਆਂ ਦੀ ਬਰਾਮਦ 6.9 ਅਰਬ ਡਾਲਰ ਸੀ ਅਤੇ ਦਰਾਮਦ 15.1 ਅਰਬ ਡਾਲਰ ਸੀ। ਭਾਰਤ ਵੱਲੋਂ ਆਸਟ੍ਰੇਲੀਆ ਨੂੰ ਨਿਰਯਾਤ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਵਸਤਾਂ 'ਚ ਪੈਟਰੋਲੀਅਮ ਉਤਪਾਦ, ਟੈਕਸਟਾਈਲ ਅਤੇ ਕੱਪੜੇ, ਇੰਜਨੀਅਰਿੰਗ ਸਮਾਨ, ਚਮੜਾ, ਰਸਾਇਣ, ਰਤਨ ਅਤੇ ਗਹਿਣੇ ਸ਼ਾਮਲ ਹਨ। ਆਯਾਤ ਵਿਚ ਮੁੱਖ ਤੌਰ 'ਤੇ ਕੱਚਾ ਮਾਲ, ਕੋਲਾ, ਖਣਿਜ ਸ਼ਾਮਲ ਹੁੰਦੇ ਹਨ।