ਸਲੋਵਾਕੀਆ ’ਚ ਐਪਸਟੀਨ ਵਿਵਾਦ ਕਾਰਨ ਉੱਚ ਅਧਿਕਾਰੀ ਨੇ ਦਿੱਤਾ ਅਸਤੀਫਾ
Monday, Feb 02, 2026 - 11:31 AM (IST)
ਨਿਊਯਾਰਕ (ਪੀ. ਟੀ. ਆਈ.) : ਹਾਲ ਹੀ ’ਚ ਅਮਰੀਕੀ ਨਿਆਂ ਮੰਤਰਾਲਾ ਵਲੋਂ ਕੀਤੀਆਂ ਗਈਆਂ ਜੈਫਰੀ ਐਪਸਟੀਨ ਨਾਲ ਸਬੰਧਤ ਫਾਈਲਾਂ ਤੋਂ ਬਾਅਦ ਸਲੋਵਾਕੀਆ ਦੇ ਇਕ ਉੱਚ ਅਧਿਕਾਰੀ ਮਿਰੋਸਲਾਵ ਲਾਜਕ ਨੇ ਅਸਤੀਫਾ ਦੇ ਦਿੱਤਾ ਹੈ। ਇਹ ਘਟਨਾਚੱਕਰ ਉਦੋਂ ਸਾਹਮਣੇ ਆਇਆ, ਜਦੋਂ ਐਪਸਟੀਨ ਦੇ ਫਲੋਰਿਡਾ ਜੇਲ ’ਚ ਸਜ਼ਾ ਕੱਟਣ ਤੋਂ ਬਾਅਦ ਦੇ ਸਾਲਾਂ ’ਚ ਉਸ ਦੇ ਪ੍ਰਭਾਵਸ਼ਾਲੀ ਸੰਪਰਕਾਂ ਦਾ ਖੁਲਾਸਾ ਹੋਇਆ।
ਸਲੋਵਾਕੀਆ ਦੇ ਪ੍ਰਧਾਨ ਮੰਤਰੀ ਨੇ ਲਾਜਕ ਦਾ ਅਸਤੀਫਾ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ’ਚ ਕਿਸੇ ਵੀ ਗਲਤੀ ਦਾ ਦੋਸ਼ੀ ਨਹੀਂ ਸੀ ਪਰ ਇਹ ਫੈਸਲਾ ਐਪਸਟੀਨ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਦੀਆਂ ਫੋਟੋਆਂ ਅਤੇ ਈਮੇਲਾਂ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਸੀ।
ਇਸ ਖੁਲਾਸੇ ਨੇ ਇਕ ਵਾਰ ਫਿਰ ਸਾਬਕਾ ਬ੍ਰਿਟਿਸ਼ ਪ੍ਰਿੰਸ ਐਂਡਰਿਊ ਮਾਊਂਟਬੈਟਨ-ਵਿੰਡਸਰ ਬਾਰੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਉਸ ਨੂੰ ਹੁਣ ਅਮਰੀਕੀ ਅਧਿਕਾਰੀਆਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਐਪਸਟੀਨ ਨਾਲ ਆਪਣੇ ਸਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।
ਦਸਤਾਵੇਜ਼ਾਂ ਅਨੁਸਾਰ ਐਪਸਟੀਨ ਦਾ ਟਰੰਪ, ਕਲਿੰਟਨ, ਸਟੀਵ ਬੈਨਨ, ਬਿਲ ਗੇਟਸ ਅਤੇ ਐਲਨ ਮਸਕ ਵਰਗੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਨਾਲ ਸੰਪਰਕ ਸੀ। ਐਪਸਟੀਨ ਦੀ ਜਾਂਚ ਜੁਲਾਈ 2006 ਵਿਚ ਸ਼ੁਰੂ ਹੋਈ ਸੀ ਅਤੇ ਅਗਸਤ 2019 ਵਿਚ ਸ਼ੱਕੀ ਹਾਲਾਤ ’ਚ ਉਸ ਦੀ ਜੇਲ ਵਿਚ ਮੌਤ ਹੋ ਗਈ ਸੀ। ਇਸ ਕੇਸ ਨਾਲ ਸਬੰਧਤ ਹੋਰ ਰਾਜ਼ ਹੁਣ ਸਾਹਮਣੇ ਆ ਸਕਦੇ ਹਨ, ਜੋ ਅੰਤਰਰਾਸ਼ਟਰੀ ਰਾਜਨੀਤੀ ’ਚ ਨਵੀਂ ਹਲਚਲ ਪੈਦਾ ਕਰ ਸਕਦੇ ਹਨ।
