ਅਜੀਤ ਡੋਭਾਲ ਨੇ 'ਉਲੇਮਾ' ਦੀ ਕੀਤੀ ਤਾਰੀਫ਼, ਕਿਹਾ-ਭਾਰਤ ਅਤੇ ਇੰਡੋਨੇਸ਼ੀਆ ਅੱਤਵਾਦ-ਵੱਖਵਾਦ ਦੇ ਸ਼ਿਕਾਰ

Tuesday, Nov 29, 2022 - 01:22 PM (IST)

ਅਜੀਤ ਡੋਭਾਲ ਨੇ 'ਉਲੇਮਾ' ਦੀ ਕੀਤੀ ਤਾਰੀਫ਼, ਕਿਹਾ-ਭਾਰਤ ਅਤੇ ਇੰਡੋਨੇਸ਼ੀਆ ਅੱਤਵਾਦ-ਵੱਖਵਾਦ ਦੇ ਸ਼ਿਕਾਰ

ਨਵੀਂ ਦਿੱਲੀ- ਇੰਡੋਨੇਸ਼ੀਆ ਦੇ ਸਿਆਸੀ, ਕਾਨੂੰਨੀ ਅਤੇ ਸੁਰੱਖਿਆ ਮਾਮਲਿਆਂ ਦੇ ਤਾਲਮੇਲ ਮੰਤਰੀ ਮੁਹੰਮਦ ਮਹਿਫੂਦ ਭਾਰਤ ਦੇ ਦੌਰੇ 'ਤੇ ਹਨ। ਉਨ੍ਹਾਂ ਨਾਲ ਇਕ 24 ਮੈਂਬਰੀ ਵਫ਼ਦ ਵੀ ਭਾਰਤ ਆਇਆ ਹੈ, ਜਿਸ ਵਿਚ ਉਲੇਮਾ ਅਤੇ ਹੋਰ ਧਾਰਮਿਕ ਆਗੂ ਸ਼ਾਮਲ ਹਨ। ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨੇ ਮੰਗਲਵਾਰ ਨੂੰ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ 'ਚ ਉਲੇਮਾ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਦਿੱਲੀ ਦੇ ਇਸਲਾਮਿਕ ਕਲਚਰਲ ਸੈਂਟਰ 'ਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੋਵੇਂ ਦੇਸ਼ (ਭਾਰਤ ਅਤੇ ਇੰਡੋਨੇਸ਼ੀਆ) ਅੱਤਵਾਦ ਅਤੇ ਵੱਖਵਾਦ ਦਾ ਸ਼ਿਕਾਰ ਹੋਏ ਹਨ। ਹਾਲਾਂਕਿ ਅਸੀਂ ਕਾਫ਼ੀ ਹੱਦ ਤੱਕ ਚੁਣੌਤੀਆਂ 'ਤੇ ਕਾਬੂ ਪਾ ਲਿਆ ਹੈ, ਸਰਹੱਦ ਪਾਰ ਅੱਤਵਾਦ ਅਤੇ ਆਈ.ਐੱਸ.ਆਈ.ਐੱਸ. ਸਪਾਂਸਰਡ ਅੱਤਵਾਦ ਅੱਜ ਵੀ ਇਕ ਖ਼ਤਰਾ ਬਣਿਆ ਹੋਇਆ ਹੈ।

PunjabKesari

ਭਾਰਤ-ਇੰਡੋਨੇਸ਼ੀਆ ਸਬੰਧ ਮਜ਼ਬੂਤ ​​ਹੋ ਰਹੇ ਹਨ

ਅਜੀਤ ਡੋਭਾਲ ਨੇ ਕਿਹਾ ਕਿ ਦੋਵੇਂ ਦੇਸ਼ ਅੱਤਵਾਦ ਅਤੇ ਵੱਖਵਾਦ ਨਾਲ ਪੀੜਤ ਹਨ। ਹਾਲਾਂਕਿ ਅਸੀਂ ਕਾਫ਼ੀ ਹੱਦ ਤੱਕ ਚੁਣੌਤੀਆਂ 'ਤੇ ਕਾਬੂ ਪਾ ਲਿਆ ਹੈ, ਸਰਹੱਦ ਪਾਰ ਅੱਤਵਾਦ ਅਤੇ ਆਈ.ਐੱਸ.ਆਈ.ਐੱਸ. ਦੁਆਰਾ ਪ੍ਰੇਰਿਤ ਅੱਤਵਾਦ ਦੀ ਪ੍ਰਕਿਰਿਆ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਡੋਭਾਲ ਨੇ ਇੰਡੋਨੇਸ਼ੀਆ 'ਚ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇੰਡੋਨੇਸ਼ੀਆ 'ਚ ਹਾਲ ਹੀ 'ਚ ਆਏ ਭੂਚਾਲ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਅਸੀਂ ਸਾਰੇ ਬਹੁਤ ਦੁਖੀ ਹਾਂ। ਦੁੱਖ ਦੀ ਇਸ ਘੜੀ 'ਚ ਭਾਰਤ ਇੰਡੋਨੇਸ਼ੀਆ ਦੇ ਨਾਲ ਖੜ੍ਹਾ ਹੈ। ਡੋਭਾਲ ਨੇ ਭੂਚਾਲ ਕਾਰਨ ਜ਼ਖ਼ਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਡੋਭਾਲ ਨੇ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਅਤੇ ਆਰਥਿਕ ਸਬੰਧਾਂ 'ਚ ਪ੍ਰਗਤੀ ਦੀ ਗੱਲ ਕੀਤੀ ਅਤੇ ਕਿਹਾ ਕਿ ਅਸੀਂ ਚੰਗੇ ਗੁਆਂਢੀ ਹਾਂ।

PunjabKesari

ਦੱਸ ਦੇਈਏ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਸੱਦੇ 'ਤੇ ਇੰਡੋਨੇਸ਼ੀਆ ਦੇ ਸਿਆਸੀ, ਕਾਨੂੰਨੀ ਅਤੇ ਸੁਰੱਖਿਆ ਮਾਮਲਿਆਂ ਦੇ ਤਾਲਮੇਲ ਮੰਤਰੀ ਡਾਕਟਰ ਮੁਹੰਮਦ ਮਹਿਫੂਦ ਸੋਮਵਾਰ ਨੂੰ ਭਾਰਤ ਦੌਰੇ 'ਤੇ ਆਏ ਹਨ। ਡੋਭਾਲ ਦੂਜੀ ਭਾਰਤ-ਇੰਡੋਨੇਸ਼ੀਆ ਸੁਰੱਖਿਆ ਵਾਰਤਾ 'ਚ ਹਿੱਸਾ ਲੈਣ ਲਈ 17 ਮਾਰਚ ਨੂੰ ਇੰਡੋਨੇਸ਼ੀਆ ਗਿਆ ਸੀ ਜਿੱਥੇ ਉਨ੍ਹਾਂ ਨੇ ਮਹਿਫੂਦ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ। ਮਹਿਫੂਦ ਨੇ ਉਸ ਸਮੇਂ ਪ੍ਰਸਤਾਵ ਦਿੱਤਾ ਸੀ ਕਿ ਉਹ ਆਪਣੇ ਭਾਰਤੀ ਹਮਰੁਤਬਾ ਨਾਲ ਦੋਵਾਂ ਦੇਸ਼ਾਂ ਵਿਚ ਅੰਤਰ-ਧਾਰਮਿਕ ਸਦਭਾਵਨਾ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਵਿਚ ਉਲੇਮਾ ਦੀ ਭੂਮਿਕਾ ਬਾਰੇ ਚਰਚਾ ਕਰਨ ਲਈ ਵਫ਼ਦ ਵਿਚ ਵੱਖ-ਵੱਖ ਧਰਮਾਂ ਦੇ ਧਾਰਮਿਕ ਨੇਤਾਵਾਂ ਨੂੰ ਲਿਆਉਣਾ ਚਾਹੁੰਦਾ ਸੀ।

PunjabKesari


author

DIsha

Content Editor

Related News