ਅਜਿਹਾ ਝਰਨਾ ਜੋ ਵਗਦਾ ਹੈ ਉਲਟਾ! ਹੇਠਾਂ ਡਿੱਗਣ ਦੀ ਬਜਾਏ ਉੱਪਰ ਚੜ੍ਹਦਾ ਹੈ ਪਾਣੀ
Saturday, Nov 22, 2025 - 05:45 PM (IST)
ਨੈਸ਼ਨਲ ਡੈਸਕ- ਭਾਰਤ ਦੀ ਕੁਦਰਤ 'ਚ ਕਈ ਅਜਿਹੇ ਰਾਜ਼ ਲੁਕੇ ਹਨ ਜੋ ਦੇਖਣ ਵਾਲੇ ਨੂੰ ਹੈਰਾਨ ਕਰ ਦਿੰਦੇ ਹਨ। ਇਨ੍ਹਾਂ 'ਚੋਂ ਸਭ ਤੋਂ ਅਦਭੁੱਤ ਨਜ਼ਾਰਿਆਂ 'ਚ ਇਕ ਹੈ ਮਹਾਰਾਸ਼ਟਰ ਦਾ ਨਾਨੇਘਾਟ ਵਾਟਰਫਾਲ, ਜਿਸ ਨੂੰ ਰਿਵਰਸ ਵਾਟਰਫਾਲ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਹਰ ਝਰਨਾ ਉੱਪਰੋਂ ਹੇਠਾਂ ਵਗਦਾ ਹੈ, ਪਰ ਇੱਥੇ ਪਾਣੀ ਹੇਠੋਂ ਉੱਪਰ ਵਗਦਾ ਦਿੱਸਦਾ ਹੈ, ਜੋ ਇਕ ਅਨੋਖਾ ਅਤੇ ਹੈਰਾਨੀਜਨਕ ਦ੍ਰਿਸ਼ ਹੈ। ਹਰ ਸਾਲ ਇਸ ਨਜ਼ਾਰੇ ਨੂੰ ਦੇਖਣ ਲਈ ਬੇਹਦ ਸੈਲਾਨੀ ਇੱਥੇ ਪਹੁੰਚਦੇ ਹਨ।
ਕਿੱਥੇ ਸਥਿਤ ਹੈ ਇਹ ਅਨੋਖਾ ਝਰਨਾ?
ਨਾਨੇਘਾਟ ਵਾਟਰਫਾਲ ਕੋਂਕਣ ਤੱਟ ਅਤੇ ਜੁੰਨਾਰ ਸ਼ਹਿਰ ਦੇ ਦਰਮਿਆਨ ਸਥਿਤ ਹੈ। ਮੁੰਬਈ ਤੋਂ ਲਗਭਗ 120 ਕਿਲੋਮੀਟਰ ਤੇ ਪੁਣੇ ਤੋਂ 150 ਕਿਲੋਮੀਟਰ ਦੀ ਦੂਰੀ ‘ਤੇ ਪੈਂਦਾ ਇਹ ਸਥਾਨ ਆਪਣੀ ਕੁਦਰਤੀ ਖੂਬਸੂਰਤੀ ਅਤੇ ਅਜੀਬੋ-ਗਰੀਬ ਨਜ਼ਾਰੇ ਕਰਕੇ ਖਾਸ ਮਸ਼ਹੂਰ ਹੈ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
ਪਾਣੀ ਉਲਟੀ ਦਿਸ਼ਾ 'ਚ ਕਿਉਂ ਵਗਦਾ ਹੈ?
ਗੁਰੁਤਵਾਕਰਸ਼ਣ ਦੇ ਨਿਯਮ ਮੁਤਾਬਕ ਹਰ ਚੀਜ਼ ਉੱਪਰੋਂ ਹੇਠਾਂ ਆਉਂਦੀ ਹੈ, ਪਰ ਨਾਨੇਘਾਟ 'ਚ ਤੇਜ਼ ਹਵਾਵਾਂ ਇਸ ਨਿਯਮ ਨੂੰ ਜਿਵੇਂ ਚੁਣੌਤੀ ਦੇ ਰਹੀਆਂ ਹੁੰਦੀਆਂ ਹਨ। ਜਦੋਂ ਪਾਣੀ ਹੇਠਾਂ ਵਗਦਾ ਹੈ ਤਾਂ ਹਵਾ ਦਾ ਦਬਾਅ ਉਸ ਨੂੰ ਉੱਪਰ ਵੱਲ ਧੱਕ ਦਿੰਦਾ ਹੈ। ਵਿਗਿਆਨਕਾਂ ਦੇ ਅਨੁਸਾਰ ਇਹ ਵਿਲੱਖਣ ਨਜ਼ਾਰਾ ਤੇਜ਼ ਹਵਾ ਦੀ ਦਿਸ਼ਾ ਅਤੇ ਗਤੀ ਕਾਰਨ ਬਣਦਾ ਹੈ, ਜੋ ਇਸ ਝਰਨੇ ਨੂੰ ਰਹੱਸਮਈ ਬਣਾਉਂਦਾ ਹੈ।
ਇਸਨੂੰ ਦੇਖ ਕੇ ਕਿਸੇ ਨੂੰ ਕੀ ਮਹਿਸੂਸ ਹੁੰਦਾ ਹੈ?
ਪਹਿਲੀ ਵਾਰ ਇਸ ਝਰਨੇ ਨੂੰ ਦੇਖਣ ਵਾਲਾ ਵਿਅਕਤੀ ਹੈਰਾਨ ਰਹਿ ਜਾਂਦਾ ਹੈ। ਦੂਰੋਂ ਇੰਝ ਲੱਗਦਾ ਹੈ ਜਿਵੇਂ ਪਾਣੀ ਪਹਾੜ ਦੀ ਚੋਟੀ ਵੱਲ ਚੜ੍ਹ ਰਿਹਾ ਹੋਵੇ। ਕੁਦਰਤ ਦਾ ਇਹ ਵਿਲੱਖਣ ਨਜ਼ਾਰਾ ਲੋਕਾਂ ਨੂੰ ਕੁਝ ਪਲਾਂ ਲਈ ਮੌਨ ਕਰ ਦਿੰਦਾ ਹੈ, ਕਿਉਂਕਿ ਇਸ ਤਰ੍ਹਾਂ ਦਾ ਕਰਨਾਮਾ ਰੋਜ਼ਾਨਾ ਨਹੀਂ ਵੇਖਣ ਨੂੰ ਮਿਲਦਾ।
ਨਾਨੇਘਾਟ ਰਿਵਰਸ ਵਾਟਰਫਾਲ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ?
ਨਾਨੇਘਾਟ ਜਾਣਾ ਬਹੁਤ ਸੁਖਾਲਾ ਹੈ। ਪਹਿਲਾਂ ਕਲਿਆਣ ਬੱਸ ਸਟੈਂਡ ਪਹੁੰਚੋ, ਜਿੱਥੋਂ ਜੁੰਨਾਰ ਅਤੇ ਨਾਨੇਘਾਟ ਲਈ ਨਿਯਮਿਤ ਬੱਸਾਂ ਮਿਲ ਜਾਂਦੀਆਂ ਹਨ। ਕਾਰ ਜਾਂ ਟੈਕਸੀ ਰਾਹੀਂ ਵੀ ਆਸਾਨੀ ਨਾਲ ਇੱਥੇ ਪਹੁੰਚਿਆ ਜਾ ਸਕਦਾ ਹੈ। ਰਸਤਾ ਸੁਹਣੀਆਂ ਘਾਟੀਆਂ ਅਤੇ ਹਰਿਆਲੀ ਨਾਲ ਭਰਪੂਰ ਹੈ।
ਟਰੈਕਿੰਗ ਦੇ ਸ਼ੌਕੀਨਾਂ ਲਈ ਸਵਰਗ
ਨਾਨੇਘਾਟ ਟਰੈਕਿੰਗ ਪ੍ਰੇਮੀਆਂ ਲਈ ਬਹੁਤ ਹੀ ਖਾਸ ਜਗ੍ਹਾ ਹੈ। ਇਹ ਟ੍ਰੇਲ ਸੰਘਣੇ ਜੰਗਲਾਂ 'ਚੋਂ ਲੰਘਦੀ ਹੈ ਅਤੇ ਰੋਮਾਂਚਕ ਘਾਟੀਆਂ ਇਸ ਨੂੰ ਦਿਲਚਸਪ ਬਣਾਉਂਦੀਆਂ ਹਨ। ਕਲਿਆਣ–ਅਹਿਮਦਨਗਰ ਹਾਈਵੇ ਦੇ ਨੇੜੇ ਤੋਂ ਸ਼ੁਰੂ ਹੁੰਦਾ ਇਹ ਰਸਤਾ ਯਾਤਰੀਆਂ ਵਿਚ ਕਾਫੀ ਲੋਕਪ੍ਰਿਯ ਹੈ।
ਘੁੰਮਣ ਦਾ ਸਭ ਤੋਂ ਵਧੀਆ ਸਮਾਂ
ਨਾਨੇਘਾਟ ਰਿਵਰਸ ਵਾਟਰਫਾਲ ਨੂੰ ਦੇਖਣ ਦਾ ਬੈਸਟ ਸਮਾਂ ਮਾਨਸੂਨ (ਜੁਲਾਈ ਤੋਂ ਸਤੰਬਰ) ਹੈ। ਇਸ ਦੌਰਾਨ ਹਵਾਵਾਂ ਬਹੁਤ ਤੇਜ਼ ਚਲਦੀਆਂ ਹਨ, ਜਿਸ ਕਰਕੇ ਝਰਨਾ ਸਭ ਤੋਂ ਸੁੰਦਰ ਰੂਪ 'ਚ ਉਲਟੀ ਦਿਸ਼ਾ 'ਚ ਵਗਦਾ ਦਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
