ਭਾਰਤ ਤੇ ਸ਼੍ਰੀਲੰਕਾ ਨੇ ਮੌਜੂਦਾ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ ਨੂੰ 3 ਸਾਲਾਂ ਲਈ ਵਧਾਇਆ

01/21/2022 6:46:16 PM

ਨਵੀਂ ਦਿੱਲੀ– ਭਾਰਤ ਅਤੇ ਸ਼੍ਰੀਲੰਕਾ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਆਪਣਾ ਸਹਿਯੋਗ ਤਿੰਨ ਹੋਰ ਸਾਲਾਂ ਲਈ ਵਧਾ ਦਿੱਤਾ ਹੈ। ਗੰਦੇ ਪਾਣੀ ਦੀ ਤਕਨੀਕ, ਟਿਕਾਊ ਖੇਤੀਬਾੜੀ, ਏਰੋਸਪੇਸ ਇੰਜੀਨੀਅਰਿੰਗ, ਵੱਡੇ ਡਾਟਾ ਵਿਸ਼ਲੇਸ਼ਣ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਖੇਤਰਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਫੈਸਲਾ ਵੀਰਵਾਰ ਨੂੰ ਆਯੋਜਿਤ ‘ਭਾਰਤ-ਸ਼੍ਰੀਲੰਕਾ ਵਿਗਿਆਨ ਅਤੇ ਤਕਨਾਲੋਜੀ ਸਹਿਯੋਗ 'ਤੇ 5ਵੀਂ ਸੰਯੁਕਤ ਕਮੇਟੀ' ’ਚ ਲਿਆ ਗਿਆ। ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐੱਸ.ਟੀ.) ’ਚ ਅੰਤਰਰਾਸ਼ਟਰੀ ਸਹਿਯੋਗ ਦੇ ਸਲਾਹਕਾਰ ਅਤੇ ਮੁਖੀ ਐੱਸ.ਕੇ. ਵਰਸ਼ਨੇ ਨੇ ਕਿਹਾ, "ਭਾਰਤ ਅਤੇ ਸ੍ਰੀਲੰਕਾ ਵਿਚਾਲੇ 2,500 ਸਾਲਾਂ ਤੋਂ ਪੁਰਾਣੇ ਬੌਧਿਕ, ਸੱਭਿਆਚਾਰਕ ਤੇ ਧਾਰਮਿਕ ਸੰਪਰਕਾਂ ਅਤੇ  ਸਬੰਧਾਂ ਦੀ ਇੱਕ ਮਹਾਨ ਵਿਰਾਸਤ ਹੈ।" ਵਰਸ਼ਨੇ ਨੇ ਮੀਟਿੰਗ ’ਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ ਅਤੇ ਉਹ ਭਾਰਤੀ ਸਹਿ-ਚੇਅਰ ਸਨ।

ਉਨ੍ਹਾਂ ਕਿਹਾ, “ਹਾਲ ਦੇ ਸਮੇਂ ਵਿਚ ਸਿੱਖਿਆ ਅਤੇ ਹੋਰ ਖੇਤਰਾਂ ’ਚ ਵਪਾਰ ਤੇ ਨਿਵੇਸ਼ ਅਤੇ ਸਹਿਯੋਗ ’ਚ ਵਾਧਾ ਹੋਇਆ ਹੈ ਅਤੇ ਇਸ ਕ੍ਰਮ ’ਚ ਵਿਗਿਆਨ ਅਤੇ ਤਕਨਾਲੋਜੀ ’ਚ ਸਹਿਯੋਗ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।’ ਇਹ ਦੱਸਦੇ ਹੋਏ ਕਿ ਦੁਵੱਲੇ ਸਹਿਯੋਗ ਦੇ ਬਹੁਤ ਸਾਰੇ ਮੌਕੇ ਹਨ, ਵਰਸ਼ਨੇ ਨੇ ਕਿਹਾ ਕਿ ਇਹ ਫੋਰਮ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਦੇ ਹੋਰ ਪਹਿਲੂਆਂ 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ।

ਸਭਾ ’ਚ ਬੋਲਦਿਆਂ ਸ਼੍ਰੀਲੰਕਾ ਦੀ ਸਕੱਤਰ ਦੀਪਾ ਲਿਆਂਗੇ ਨੇ ਦੇਸ਼ ’ਚ ਹੁਨਰ ਵਿਕਾਸ, ਵੋਕੇਸ਼ਨਲ ਸਿੱਖਿਆ, ਖੋਜ ਅਤੇ ਨਵੀਨਤਾ, ਵਿਗਿਆਨਕ ਗਿਆਨ ਨੂੰ ਉਤਸ਼ਾਹਿਤ ਕਰਨ ਲਈ ਵਿਗਿਆਨ ਅਤੇ ਤਕਨਾਲੋਜੀ ਖੇਤਰਾਂ ਅਤੇ ਖੋਜ ਖੇਤਰਾਂ ਵਿੱਚ ਭਾਰਤ ਦੇ ਸਹਿਯੋਗ ਦਾ ਸਵਾਗਤ ਕੀਤਾ।


Rakesh

Content Editor

Related News