ਭਾਰਤ ਨੇ ਅਫਗਾਨਿਸਤਾਨ ਨੂੰ ਭੇਜੀ ਰਾਹਤ ਸਮੱਗਰੀ
Tuesday, Nov 04, 2025 - 10:11 AM (IST)
            
            ਨਵੀਂ ਦਿੱਲੀ- ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁੱਤਾਕੀ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉੱਤਰੀ ਅਫਗਾਨਿਸਤਾਨ 'ਚ ਐਤਵਾਰ ਰਾਤ ਆਏ ਭੂਚਾਲ ਕਾਰਨ ਹੋਏ ਜਾਨਮਾਲ ਦੇ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਭਾਰਤ ਭੂਚਾਲ ਪੀੜਤਾਂ ਲਈ ਰਾਹਤ ਸਮੱਗਰੀ ਤੇ ਦਵਾਈਆਂ ਭੇਜ ਰਿਹਾ ਹੈ। ਡਾ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ ਦੋ-ਪੱਖੀ ਸੰਬੰਧਾਂ 'ਤੇ ਵੀ ਚਰਚਾ ਹੋਈ। ਉਨ੍ਹਾਂ ਨੇ ਭਾਰਤ ਅਤੇ ਅਫਗਾਨਿਸਤਾਨ ਦੇ ਲੋਕਾਂ ਵਿਚਕਾਰ ਆਪਸੀ ਸੰਪਰਕ ਵਧਣ ਦਾ ਸਵਾਗਤ ਕੀਤਾ ਅਤੇ ਖੇਤਰੀ ਸਥਿਤੀ ’ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਉਨ੍ਹਾਂ ਨੇ ਬਾਅਦ 'ਚ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਕਿਹਾ,“ਅੱਜ ਦੁਪਹਿਰ ਅਫਗਾਨ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁੱਤਾਕੀ ਨਾਲ ਗੱਲ ਕੀਤੀ। ਬਲਖ, ਸਮਾਂਗਨ ਅਤੇ ਬਘਲਾਨ ਸੂਬਿਆਂ 'ਚ ਆਏ ਭੂਚਾਲ ਨਾਲ ਹੋਏ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ। ਭਾਰਤੀ ਰਾਹਤ ਸਮੱਗਰੀ ਅੱਜ ਭੇਜੀ ਜਾ ਰਹੀ ਹੈ ਅਤੇ ਦਵਾਈਆਂ ਦੀ ਹੋਰ ਖੇਪ ਜਲਦ ਪਹੁੰਚੇਗੀ।”
ਅਫਗਾਨਿਸਤਾਨ 'ਚ ਭੂਚਾਲ ਦੀ ਤਬਾਹੀ:
ਐਤਵਾਰ ਰਾਤ 6.3 ਤੀਬਰਤਾ ਵਾਲੇ ਭੂਚਾਲ ਨੇ ਅਫਗਾਨਿਸਤਾਨ ਦੇ ਬਲਖ, ਸਮਾਂਗਨ ਅਤੇ ਬਘਲਾਨ ਸੂਬਿਆਂ ਨੂੰ ਝੰਜੋੜ ਦਿੱਤਾ। ਖਬਰਾਂ ਅਨੁਸਾਰ, ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋਏ। ਭੂਚਾਲ ਦਾ ਕੇਂਦਰ ਖੁਲਮ ਸ਼ਹਿਰ ਦੇ ਨੇੜੇ ਸੀ। ਇਹ ਟੈਲੀਫੋਨਿਕ ਗੱਲਬਾਤ ਅਮੀਰ ਖਾਨ ਮੁੱਤਾਕੀ ਦੇ ਭਾਰਤ ਦੌਰੇ ਤੋਂ ਲਗਭਗ ਇਕ ਮਹੀਨਾ ਬਾਅਦ ਹੋਈ ਹੈ। ਇਸ ਦੌਰੇ ਤੋਂ ਬਾਅਦ ਭਾਰਤ ਨੇ ਕਾਬੁਲ ਵਿੱਚ ਆਪਣੇ ਟੈਕਨੀਕਲ ਮਿਸ਼ਨ ਨੂੰ ਪੂਰੇ ਦੂਤਾਵਾਸ 'ਚ ਉਨੱਤ ਕਰ ਦਿੱਤਾ ਸੀ, ਜਿਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਸੰਬੰਧਾਂ 'ਚ ਨਵੀਂ ਗਤੀ ਆਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
