ਅਯੁੱਧਿਆ ਮਾਮਲੇ ''ਚ ਫੈਸਲਾ ਸੁਣਾਉਣ ਵਾਲੇ ਪੰਜ ਜੱਜਾਂ ਦੀ ਵਧਾਈ ਸੁਰੱਖਿਆ
Monday, Nov 11, 2019 - 01:35 AM (IST)

ਨਵੀਂ ਦਿੱਲੀ— ਅਯੁੱਧਿਆ ਮਾਮਲੇ ਵਿਚ ਫੈਸਲਾ ਸੁਣਾਉਣ ਵਾਲੇ ਸੁਪਰੀਮ ਕੋਰਟ ਦੇ ਪੰਜੇ ਜੱਜਾਂ ਦੀ ਸੁਰੱਖਿਆ ਲਈ ਤਾਇਨਾਤ ਜਵਾਨਾਂ ਦੀ ਨਫਰੀ ਵਧਾ ਦਿੱਤੀ ਗਈ ਹੈ। ਉਨ੍ਹਾਂ ਦੀਆਂ ਕੋਠੀਆਂ ਕੋਲ ਰੋਕਾਂ ਲਾਈਆਂ ਗਈਆਂ ਹਨ ਅਤੇ ਆਟੋਮੈਟਿਕ ਹਥਿਆਰਾਂ ਨਾਲ ਲੈਸ ਦਸਤਿਆਂ ਨੂੰ ਤਾਇਨਾਤ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਮੌਜੂਦਾ ਚੀਫ ਜਸਟਿਸ ਰੰਜਨ ਗੋਗੋਈ, ਆਉਂਦੇ ਚੀਫ ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਧਨੰਜਯ ਵਾਈ ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ. ਅਬਦੁੱਲ ਨਜ਼ੀਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਤਿਕਾਰ ਜੱਜਾਂ ਦੀ ਸੁਰੱਖਿਆ ਅਹਿਤਿਆਤਨ ਵਧਾਈ ਗਈ ਹੈ ਹਾਲਾਂਕਿ ਉਨ੍ਹਾਂ ਨੂੰ ਕੋਈ ਖਤਰਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੁਣ ਹਰੇਕ ਜੱਜ ਦੇ ਨਾਲ ਐਸਕਾਰਟ ਗੱਡੀ ਚੱਲੇਗੀ, ਜਿਸ ਵਿਚ ਹਥਿਆਰਬੰਦ ਸੁਰੱਖਿਆ ਮੁਲਾਜ਼ਮ ਹੋਣਗੇ।