ਜਦੋਂ ਇਨਕਮ ਟੈਕਸ ਵਿਭਾਗ ਲਤਾ ਮੰਗੇਸ਼ਕਰ ਤੋਂ ਹਾਈ ਕੋਰਟ ’ਚ ਹਾਰ ਗਿਆ ਸੀ ਜੰਗ...
Wednesday, Feb 09, 2022 - 04:44 PM (IST)
ਨਵੀਂ ਦਿੱਲੀ (ਨੈਸ਼ਨਲ ਡੈਸਕ) : ਭਾਰਤ ਰਤਨ ਨਾਲ ਸਨਮਾਨਤ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਸਵ. ਲਤਾ ਮੰਗੇਸ਼ਕਰ ਨੇ 26 ਜਨਵਰੀ, 1963 ਨੂੰ ‘ਐ ਮੇਰੇ ਵਤਨ ਕੇ ਲੋਗੋ’ ਗਾਣਾ ਗਾਇਆ ਤਾਂ ਸਾਬਕਾ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਵੀ ਆਪਣੇ ਅੱਥਰੂ ਨਹੀਂ ਰੋਕ ਸਕੇ ਸਨ। ਇਸੇ ਦੌਰਾਨ ਇਨਕਮ ਟੈਕਸ ਵਿਭਾਗ ਇਸ ਮਹਾਨ ਗਾਇਕਾ ’ਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਿਹਾ ਸੀ। ਇਕ ਮੀਡੀਆ ਰਿਪੋਰਟ ਮੁਤਾਬਕ ਬਾਂਬੇ ਹਾਈ ਕੋਰਟ ਕੋਲ ਮੌਜੂਦ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਆਈ. ਟੀ. ਵਿਭਾਗ ਲਤਾ ਦੀਦੀ ਖ਼ਿਲਾਫ਼ ਇਹ ਮਾਮਲਾ ਲੈ ਕੇ ਅਦਾਲਤ ’ਚ ਪਹੁੰਚ ਗਿਆ ਸੀ, ਜਿਸ ਦੀ ਸਥਾਪਨਾ 1947 ’ਚ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਠੀਕ ਬਾਅਦ ਹੋਈ ਸੀ ਪਰ ਇਸ ਨੂੰ ਲਤਾ ਦੀਦੀ ਦੀ ਖੁਸ਼ਕਿਸਮਤੀ ਹੀ ਕਹਾਂਗੇ ਕਿ ਉਸ ਦੌਰਾਨ ਉਨ੍ਹਾਂ ਨੂੰ ਨਾਨੀ ਪਾਲਕੀਵਾਲਾ ਵਰਗੇ ਮਸ਼ਹੂਰ ਵਕੀਲ ਦਾ ਸਾਥ ਮਿਲਿਆ, ਜਿਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਤੇ ਇਸ ਦੇ ਨਾਗਰਿਕਾਂ ਦਾ ਅਧਿਕਾਰ ਬਚਾਉਣ ਲਈ ਜਾਣਿਆ ਜਾਂਦਾ ਹੈ। ਹਾਲਾਂਕਿ ਇਨਕਮ ਟੈਕਸ ਵਿਭਾਗ ਨਾਲ ਲਤਾ ਦੀ ਅਦਾਲਤਾਂ ’ਚ ਜੰਗ ਲਗਭਗ 3 ਦਹਾਕੇ ਚੱਲੀ ਪਰ ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੂੰ ਪਿੱਛੇ ਹਟਣਾ ਪਿਆ ਸੀ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਸਹੀ ਅਰਥਾਂ ’ਚ ਨਵਜੋਤ ਸਿੱਧੂ ਨੂੰ ਪੱਪੂ ਬਣਾਇਆ : ਮਜੀਠੀਆ
ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਜੁਰਮਾਨੇ ਤੋਂ ਕੀਤਾ ਸੀ ਇਨਕਾਰ
ਮਦਰਾਸ (ਹੁਣ ਚੇਨਈ) ’ਚ ਵਾਸੂ ਫਿਲਮਜ਼ ਵੱਲੋਂ ਕੀਤੀਆਂ ਗਈਆਂ ਕੁਝ ਐਂਟਰੀਆਂ ਇਕ ਆਈ. ਟੀ. ਅਧਿਕਾਰੀ ਨੂੰ ਮਿਲੀਆਂ ਸਨ, ਜਿਸ ਦੇ ਆਧਾਰ ’ਤੇ ਉਨ੍ਹਾਂ ਅੰਦਾਜ਼ਾ ਲਾਇਆ ਕਿ ਲਤਾ ਜੀ ਨੇ ਆਪਣੀ ਅਸਲ ਆਮਦਨ ਲੁਕੋਈ ਸੀ। 20 ਜੂਨ, 1973 ਨੂੰ ਆਈ. ਟੀ. ਵਿਭਾਗ ਤੇ ਲਤਾ ਜੀ ਵੱਲੋਂ ਦਿੱਤੀਆਂ ਦਲੀਲਾਂ ਨੂੰ ਪੜ੍ਹਨ ਪਿੱਛੋਂ ਹਾਈ ਕੋਰਟ ਨੇ ਕਿਹਾ ਕਿ ਅਸੀਂ ਟ੍ਰਿਬਿਊਨਲ ਦੇ ਵਿਚਾਰ ਨੂੰ ਬਰਕਰਾਰ ਰੱਖਦੇ ਹਾਂ, ਇਸ ਲਈ ਜੁਰਮਾਨਾ ਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਕ ਹੋਰ ਸੁਣਵਾਈ ’ਚ ਆਈ. ਟੀ. ਵਿਭਾਗ ਨੇ ਸਵਾਲ ਕੀਤਾ ਸੀ ਕਿ ਲਤਾ ਕੋਲ 23 ਅਗਸਤ, 1960 ਨੂੰ ਪੇਡਰ ਰੋਡ ’ਤੇ ‘ਪ੍ਰਭੂ ਕੁੰਜ’ ’ਚ 45 ਹਜ਼ਾਰ ਰੁਪਏ ’ਚ ਇਕ ਫਲੈਟ ਖਰੀਦਣ ਲਈ ਰੁਪਏ ਕਿੱਥੋਂ ਆਏ? ਲਤਾ ਦਾ ਵਾਲਕੇਸ਼ਵਰ ’ਚ ਇਕ ਹੋਰ ਫਲੈਟ ਸੀ, ਜਿਸ ਨੂੰ 12 ਅਕਤੂਬਰ, 1960 ਨੂੰ ਵੇਚ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪਾਰਟੀਆਂ ਤੈਅ ਮਿਆਦ ਤੋਂ ਪਹਿਲਾਂ ਅਪਰਾਧਿਕ ਪਿਛੋਕੜ ਸਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਵਾਉਣ : ਡਾ. ਰਾਜੂ
ਅਦਾਲਤਾਂ ’ਚ ਵੀ ਦਿੱਤਾ ਜਾਂਦਾ ਸੀ ਸਨਮਾਨ
ਹਾਈ ਕੋਰਟ ਦੇ ਰਿਕਾਰਡ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਲਤਾ ਜੀ ਦੇ ਵਧਦੇ ਕੱਦ ਨੂੰ ਧਿਆਨ ਵਿਚ ਰੱਖਦੇ ਹੋਏ ਅਦਾਲਤ ਵਿਚ ਕਿਵੇਂ ਉਨ੍ਹਾਂ ਦਾ ਸਨਮਾਨ ਵਧਿਆ। ਅਦਾਲਤੀ ਫੈਸਲਿਆਂ ਵਿਚ 1958 ’ਚ ਉਨ੍ਹਾਂ ਨੂੰ ਪਹਿਲੀ ਵਾਰ ਗਾਇਕਾ, ਫਿਰ ਪ੍ਰਸਿੱਧ ਪਿੱਠਵਰਤੀ ਗਾਇਕਾ ਅਤੇ 1970 ਦੇ ਦਹਾਕੇ ’ਚ ਇਕ ਮਨਜ਼ੂਰਸ਼ੁਦਾ ਪਿੱਠਵਰਤੀ ਗਾਇਕਾ ਕਹਿ ਕੇ ਸਨਮਾਨ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਨਵੀਂ ਦਿੱਲੀ ਦੇ ਨੈਸ਼ਨਲ ਸਟੇਡੀਅਮ ’ਚ 1963 ਦੇ ਗਣਤੰਤਰ ਦਿਵਸ ਸਮਾਗਮ ਤੋਂ ਕੁਝ ਦਿਨਾਂ ਬਾਅਦ ਆਈ. ਟੀ. ਵਿਭਾਗ ਨੇ ਸਾਲ 1962-63, 1963-64 ਤੇ 1964-65 ਲਈ ਲਤਾ ਦੇ ਰਿਟਰਨ ’ਤੇ ਸਵਾਲ ਉਠਾਇਆ ਸੀ, ਜੋ ਕ੍ਰਮਵਾਰ 1,43,650 ਰੁਪਏ, 1,38,251 ਰੁਪਏ ਤੇ 1,19850 ਰੁਪਏ ਸੀ। ਮੁੱਖ ਤੌਰ ’ਤੇ ਇਨਕਮ ਟੈਕਸ ਵਿਭਾਗ ਦੀ ਇਹ ਕਾਰਵਾਈ ਪਿੱਠਵਰਤੀ ਗਾਇਕਾ ਦੇ ਰੂਪ ’ਚ ਕੰਮ ਕਰਨ ਤੋਂ ਬਾਅਦ ਪ੍ਰਾਪਤ ਰਸੀਦ ਸਬੰਧੀ ਉਨ੍ਹਾਂ ਵੱਲੋਂ ਡਾਇਰੀ ਵਿਚ ਨੋਟ ਕੀਤੀ ਗਈ ਐਂਟਰੀ ’ਤੇ ਆਧਾਰਤ ਸੀ।
1991 ’ਚ ਆਈ. ਟੀ. ਵਿਭਾਗ ਦੀ ਅਪੀਲ ਹੋਈ ਸੀ ਖਾਰਜ
ਦੱਸ ਦੇਈਏ ਕਿ ਬਾਂਬੇ ਹਾਈ ਕੋਰਟ ਦੇ 30 ਦਸੰਬਰ, 1991 ਦੇ ਫੈਸਲੇ ਤੋਂ ਸਪਸ਼ਟ ਹੈ ਕਿ ਆਈ. ਟੀ. ਵਿਭਾਗ ਨਾਲ ਸਵਰਗੀ ਗਾਇਕਾ ਦਾ ਇਹ ਮਾਮਲਾ 1990 ਦੇ ਦਹਾਕੇ ਦੀ ਸ਼ੁਰੂਆਤ ਤਕ ਜਾਰੀ ਰਿਹਾ। ਆਈ. ਟੀ. ਵਿਭਾਗ ਨੇ ਇਨਕਮ ਟੈਕਸ ਕਮਿਸ਼ਨਰ ਵੱਲੋਂ ਲਤਾ ਨੂੰ ਰਾਹਤ ਦੇਣ ਦੇ ਫੈਸਲੇ ਖਿਲਾਫ ਅਪੀਲ ਕੀਤੀ ਸੀ ਕਿਉਂਕਿ ਵਿਦੇਸ਼ਾਂ ਤੋਂ ਵੀ ਉਨ੍ਹਾਂ ਨੂੰ ਸੰਗੀਤ ਪ੍ਰੋਗਰਾਮਾਂ ਲਈ 3,91,570 ਰੁਪਏ ਮਿਲੇ ਸਨ ਪਰ ਹਾਈ ਕੋਰਟ ਨੇ ਆਈ. ਟੀ. ਵਿਭਾਗ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ