ਅਖਿਲੇਸ਼ ਦੇ ਕਰੀਬੀ ਪੁਸ਼ਪ ਰਾਜ ਜੈਨ ਦੇ 50 ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵਲੋਂ ਛਾਪੇ
Sunday, Jan 02, 2022 - 01:18 PM (IST)
ਕੰਨੌਜ (ਭਾਸ਼ਾ) : ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਦੇ ਕੰਨੌਜ ਦੇ ਦੌਰੇ ਤੋਂ ਪਹਿਲਾਂ ਹੀ ਆਮਦਨ ਕਰ ਵਿਭਾਗ ਨੇ ਕੰਨੌਜ ਦੇ ਵੱਡੇ ਇਤਰ ਕਾਰੋਬਾਰੀਆਂ ਦੇ ਅਦਾਰਿਆਂ ਅਤੇ ਨਿਵਾਸ ਅਸਥਾਨਾਂ ਉੱਤੇ ਛਾਪੇਮਾਰੀ ਕੀਤੀ ।ਵਿਭਾਗ ਦੀਆਂ ਟੀਮਾਂ ਨੇ ਅਖਿਲੇਸ਼ ਯਾਦਵ ਦੇ ਬੇਹੱਦ ਕਰੀਬੀ ਅਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਪੁਸ਼ਪ ਰਾਜ ਜੈਨ ਦੇ ਨਾਲ ਹੀ ਮੁਹੰਮਦ ਯਾਕੂਬ ਉਰਫ ਮਲਿਕ ਮੀਆਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ। ਪੁਸ਼ਪ ਰਾਜ ਜੈਨ ਨੇ ਹੀ ਸਮਾਜਵਾਦੀ ਇਤਰ ਬਣਾਇਆ ਸੀ ਜਿਸ ਨੂੰ ਸਮਾਜਵਾਦੀ ਪਾਰਟੀ ਨੇ ਥੋੜ੍ਹੇ ਦਿਨ ਪਹਿਲਾਂ ਹੀ ਲਾਂਚ ਕੀਤਾ ਸੀ।
ਉਥੇ ਹੀ ਇਤਰ ਕਾਰੋਬਾਰੀ ਮੋਹੰਮਦ ਯਾਕੂਬ ਉਰਫ ਮਲਿਕ ਮੀਆਂ ਦੇ ਟਿਕਾਣਿਆਂ ’ਤੇ ਵੀ ਆਮਦਨ ਕਰ ਵਿਭਾਗ ਦੀ ਟੀਮ ਪਹੁੰਚੀ। ਟੀਮ ਰਾਤ ਤਕ ਉਨ੍ਹਾਂ ਦੇ ਕਾਰਖਾਨੇ ਵਿੱਚ ਛਾਪੇਮਾਰੀ ਕਰ ਰਹੀ ਸੀ। ਦੋਨਾਂ ਥਾਵਾਂ ਉੱਤੇ ਟੀਮ ਸਵੇਰੇ 7.30 ਵਜੇ ਪਹੁੰਚੀ । ਵਿਭਾਗ ਦੀ ਛਾਪੇਮਾਰੀ ਪੁਸ਼ਪ ਰਾਜ ਜੈਨ ਦੇ ਕੰਨੌਜ ,ਕਾਨਪੁਰ , ਨੋਇਡਾ, ਲਖਨਊ , ਮੁੰਬਈ ਅਤੇ ਆਗਰਾ ਦੇ ਟਿਕਾਣਿਆਂ ਉੱਤੇ ਚੱਲ ਰਹੀ ਸੀ । ਹਾਥਰਸ ਵਿਚ ਵੀ ਉਨ੍ਹਾਂ ਦੀ ਫੈਕਟਰੀ ਉੱਤੇ ਛਾਪਾ ਪਿਆ ਹੈ। ਹਾਥਰਸ ਦੀ ਸਿਕਤਰਾ ਰੋਡ ਉੱਤੇ ਪੁਸ਼ਪ ਰਾਜ ਜੈਨ ਦੀ ਫੈਕਟਰੀ ਹੈ । ਇੱਥੇ ਆਮਦਨ ਕਰ ਵਿਭਾਗ ਦੀ ਟੀਮ ਨੇ ਪੁਸ਼ਪ ਰਾਜ ਜੈਨ ਦੀ ਕੰਨੌਜ ਵਾਲੀ ਫੈਕਟਰੀ ਉੱਤੇ ਛਾਪਾ ਮਾਰਿਆ। ਪੁਸ਼ਪ ਰਾਜ ਜੈਨ ਦੇ ਟਿਕਾਣਿਆਂ ਤੋਂ ਇਲਾਵਾ ਕੰਨੌਜ ਦੇ ਪੰਸਾਰੀਆਂ ਮੁਹੱਲਾ ਨਿਵਾਸੀ ਇਤਰ ਵਪਾਰੀ ਮੁਹੰਮਦ ਯਾਕੂਬ ਉਰਫ ਮਲਿਕ ਮੀਆਂ ਦੇ ਅਦਾਰਿਆਂ ਅਤੇ ਘਰ ਉੱਤੇ ਵੀ ਟੀਮ ਨੇ ਛਾਪੇਮਾਰੀ ਕੀਤੀ । ਜੈਨ ਦੇ ਕੰਨੌਜ , ਨੋਇਡਾ ਅਤੇ ਕਾਨਪੁਰ ਸਮੇਤ ਕਰੀਬ 50 ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ।
ਇਹ ਨਫਰਤ ਦੀ ਦੁਰਗੰਧ ਫੈਲਾਉਣ ਵਾਲੇ ਲੋਕ : ਅਖਿਲੇਸ਼
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਛਾਪੇਮਾਰੀ ਦੇ ਕੁੱਝ ਘੰਟਿਆਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭਾਜਪਾ ਉੱਤੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਦੇ ਲੋਕ ਨਫਰਤ ਫੈਲਾਉਣ ਵਾਲੇ ਹਨ। ਇਨ੍ਹਾਂ ਨੇ ਰਾਜਨੀਤੀ ਨੂੰ ਦੂਸਿ਼ਤ ਕੀਤਾ ਹੈ । ਇਹ ਨਫਰਤ ਦੀ ਦੁਰਗੰਧ ਫੈਲਾਉਣ ਵਾਲੇ ਹਨ। ਇਹ ਸਦਭਾਵਨਾ ਅਤੇ ਖੁਸ਼ਬੂ ਨੂੰ ਕਿਵੇਂ ਪਸੰਦ ਕਰਣਗੇ ? ਉਨ੍ਹਾਂ ਕਿਹਾ ਕਿ ਨਫਰਤ ਦੀ ਦੁਰਗੰਧ ਫੈਲਾਉਣ ਵਾਲੇ ਜਾਣ ਬੁੱਝ ਕੇ ਸਮਾਜਵਾਦੀ ਪਾਰਟੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਇਹ ਕੰਨੌਜ ਨੂੰ ਵੀ ਦੁਨੀਆ ਵਿੱਚ ਬਦਨਾਮ ਕਰਨ ਵਿੱਚ ਲੱਗੇ ਹਨ । ਯਾਦਵ ਨੇ ਇਕ ਨਾਅਰਾ ਦਿੱਤਾ ‘ਹੁਣ ‘ਇਤਰ ਦਾ ਇਨਕਲਾਬ ਹੋਵੇਗਾ, 22 ਵਿਚ ਬਦਲਾਵ ਹੋਵੇਗਾ।’