ਗੈਸ ਲੀਕ ਦੀਆਂ ਘਟਨਾਵਾਂ ਤੋਂ ਸਬਕ ਨਹੀਂ ਲੈਂਦੀਆਂ ਸਰਕਾਰਾਂ, 10 ਸਾਲਾਂ 'ਚ 2500 ਲੋਕਾਂ ਨੇ ਗੁਆਈ ਜਾਨ
Wednesday, May 03, 2023 - 09:39 AM (IST)
ਜਲੰਧਰ/ਨਵੀਂ ਦਿੱਲੀ (ਇੰਟ)- ਪੰਜਾਬ ਦੇ ਉਦਯੋਗਿਕ ਖੇਤਰ ਲੁਧਿਆਣਾ ਦੇ ਗਿਆਸਪੁਰਾ ਇਲਾਕੇ ’ਚ ਜ਼ਹਿਰੀਲੀ ਗੈਸ ਲੀਕ ਹੋਣ ਦੀ ਘਟਨਾ ’ਚ 11 ਲੋਕਾਂ ਦੀ ਦਰਦਨਾਕ ਮੌਤ ਤੋਂ ਬਾਅਦ ਅਜੇ ਵੀ ਜਾਂਚ ਜਾਰੀ ਹੈ ਅਤੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਫ਼ਿਲਹਾਲ ਘਟਨਾ ਦਾ ਇਕੋ ਪਹਿਲੂ ਸਾਹਮਣੇ ਹੈ ਕਿ ਹਾਈਡ੍ਰੋਜਨ ਸਲਫਾਈਡ ਕਾਰਨ ਇਹ ਮੌਤਾਂ ਹੋਈਆਂ ਹਨ। ਭਾਰਤ ’ਚ ਉਦਯੋਗਿਕ ਘਟਨਾਵਾਂ ਦਾ ਭਿਆਨਕ ਇਤਿਹਾਸ ਰਿਹਾ ਹੈ ਪਰ ਇਨ੍ਹਾਂ ਘਟਨਾਵਾਂ ਤੋਂ ਸਰਕਾਰਾਂ ਅਜੇ ਵੀ ਸਬਕ ਨਹੀਂ ਲੈ ਸਕੀਆਂ। 2023 ’ਚ ਜਰਨਲ ‘ਸੇਫਟੀ ਸਾਇੰਸ’ ’ਚ ਛਪੀ ਇਕ ਰਿਸਰਚ ਮੁਤਾਬਕ 2010 ਤੋਂ 2020 ਦਰਮਿਆਨ ਦੇਸ਼ ਵਿਚ 560 ਉਦਯੋਗਿਕ ਘਟਨਾਵਾਂ ’ਚ ਲਗਭਗ 2500 ਲੋਕਾਂ ਦੀ ਜਾਨ ਗਈ ਹੈ ਅਤੇ ਲਗਭਗ 8500 ਵਿਅਕਤੀ ਜ਼ਖਮੀ ਹੋਏ ਹਨ।ਇਨ੍ਹਾਂ ਘਟਨਾਵਾਂ ਵਿਚ ਮੁੱਖ ਤੌਰ ’ਤੇ ਹਵਾ ਤੇ ਜਲ ਪ੍ਰਦੂਸ਼ਣ ਦੀ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਮਾਮਲੇ ਦੀ ਜਾਂਚ ਲਈ NGT ਨੇ ਬਣਾਈ 8 ਵਿਭਾਗਾਂ ਦੀ ਕਮੇਟੀ
ਕਿੰਨੀ ਘਾਤਕ ਹੈ ਹਾਈਡ੍ਰੋਜਨ ਸਲਫਾਈਡ ਗੈਸ
ਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਹਿਰੀਲੀ ਗੈਸ ਹਾਈਡ੍ਰੋਜਨ ਸਲਫਾਈਡ ਦੀ ਉੱਚ ਮਾਤਰਾ ਸਦਮਾ, ਕੋਮਾ, ਬੇਹੋਸ਼ੀ ਅਤੇ ਮਾਸਪੇਸ਼ੀਆਂ ਵਿਚ ਜਕੜਨ ਦੇ ਨਾਲ ਹੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ। 'ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ' ਮੁਤਾਬਕ 50 ਪੀ. ਪੀ. ਐੱਮ. ਤੋਂ ਉੱਪਰ ਹਾਈਡ੍ਰੋਜਨ ਸਲਫਾਈਡ ਦੀ ਮਾਤਰਾ ਜਾਨਲੇਵਾ ਹੋ ਸਕਦੀ ਹੈ, ਜਦੋਂਕਿ 700 ਪੀ. ਪੀ. ਐੱਮ. ਤੋਂ ਉੱਪਰ ਘਾਤਕ ਹੋ ਸਕਦੀ ਹੈ। ਇਸ ਬਾਰੇ ਦਿੱਲੀ ’ਚ ਸਥਿਤ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ (ਸੀ. ਐੱਸ. ਈ.) ’ਚ ਉਦਯੋਗਿਕ ਪ੍ਰਦੂਸ਼ਣ ਯੂਨਿਟ ਦੇ ਪ੍ਰੋਗਰਾਮ ਡਾਇਰੈਕਟਰ ਨਿਵਿਤ ਯਾਦਵ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘਟਨਾ ਨੂੰ ਬੀਤਿਆਂ ਕਾਫੀ ਸਮਾਂ ਬੀਤ ਚੁੱਕਾ ਹੈ ਪਰ ਜਾਂਚ ਅਜੇ ਤਕ ਅੰਤਿਮ ਨਤੀਜੇ ਤਕ ਨਹੀਂ ਪਹੁੰਚੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਉਦਯੋਗਿਕ ਘਟਨਾ ਹੈ ਤਾਂ ਇਸ ਦੀ ਲੋੜੀਂਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਘਟਨਾ ’ਚ ਹੁਣ ਤਕ 11 ਲੋਕਾਂ ਦੀ ਮੌਤ, ਰਾਹਤ ਕਾਰਜ ਅਜੇ ਵੀ ਜਾਰੀ
ਵਿਸ਼ਾਖਾਪਟਨਮ ਗੈਸ ਲੀਕ ਹਾਦਸਾ
ਇਸ ਘਟਨਾ ਤੋਂ ਪਹਿਲਾਂ 7 ਮਈ 2020 ਦੀ ਸਵੇਰ ਐੱਲ. ਜੀ. ਪੋਲੀਮਰਜ਼ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਵਿਸ਼ਾਖਾਪਟਨਮ ਪਲਾਂਟ ’ਚੋਂ ਸਟਾਇਰੀਨ ਗੈਸ ਦਾ ਰਿਸਾਅ ਹੋਇਆ ਸੀ, ਜਿਸ ਕਾਰਨ 12 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ, ਜਦੋਂਕਿ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਸਨ। ਇਸ ਬਾਰੇ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿਚ ਐੱਲ. ਜੀ. ਪੋਲੀਮਰ ਇੰਡੀਆ ਅਤੇ ਉਸ ਦੇ ਪ੍ਰਮੁੱਖ ਕੋਰੀਆਈ ਉਦਯੋਗ ਐੱਲ. ਜੀ. ਕੇਮ ਦੀ ਅਣਜਾਣਤਾ ਨੂੰ ਇਸ ਘਟਨਾ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਸੀ। ਕਮੇਟੀ ਨੇ ਜਿਹੜੀ 155 ਪੰਨਿਆਂ ਦੀ ਰਿਪੋਰਟ ਐੱਨ. ਜੀ. ਟੀ. ਨੂੰ ਸੌਂਪੀ ਸੀ, ਉਸ ਵਿਚ ਹਾਦਸੇ ਲਈ ਤਕਨੀਕੀ ਤੇ ਸੁਰੱਖਿਆ ਖਾਮੀਆਂ ਨੂੰ ਕਾਰਨ ਦੱਸਿਆ ਸੀ। ਇਕ ਹੋਰ ਘਟਨਾ ’ਚ ਵਿਸ਼ਾਖਾਪਟਨਮ ’ਚ 29 ਜੂਨ, 2020 ਨੂੰ ਇਕ ਫਾਰਮਾਸਿਊਟੀਕਲ ਕੰਪਨੀ ’ਚ ਹੋਏ ਗੈਸ ਰਿਸਾਅ ਤੋਂ ਬਾਅਦ 2 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 4 ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ ਸੀ।
ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਘਟਨਾ ’ਤੇ NDRF ਦਾ ਖ਼ੁਲਾਸਾ, ਇਸ ਕਾਰਨ ਹੋਈਆਂ ਮੌਤਾਂ
ਗੁਜਰਾਤ ਦੇ ਕੀਟਨਾਸ਼ਕ ਕਾਰਖਾਨੇ ’ਚ ਧਮਾਕਾ
2020 ’ਚ ਹੀ ਜੂਨ ਵਿਚ ਗੁਜਰਾਤ ਦੇ ਭਰੂਚ ਜ਼ਿਲੇ ’ਚ ਇਕ ਕੀਟਨਾਸ਼ਕ ਕਾਰਖਾਨੇ ਵਿਚ ਧਮਾਕਾ ਹੋਇਆ ਸੀ। ਇਸ ਤ੍ਰਾਸਦੀ ’ਚ 8 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂਕਿ 50 ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ ਸਨ। ਇਸੇ ਤਰ੍ਹਾਂ ਮਈ ਤੇ ਜੁਲਾਈ 2020 ’ਚ ਤਾਮਿਲਨਾਡੂ ਦੇ ਕੁੱਡਾਲੋਰ ’ਚ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਲਿਮਟਿਡ ਦੇ ਥਰਮਲ ਪਾਵਰ ਸਟੇਸ਼ਨ ’ਚ ਬਾਇਲਰ ਫਟ ਗਏ ਸਨ। ਇਸ ਘਟਨਾ ’ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 17 ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਮਈ ਵਿਚ ਇਕ ਹੋਰ ਬਿਜਲੀ ਪਲਾਂਟ ’ਚ 2 ਬਾਇਲਰਾਂ ਵਿਚ ਹੋਏ ਧਮਾਕੇ ’ਚ 2 ਮਜ਼ਦੂਰਾਂ ਦੀ ਮੌਤ ਹੋ ਗਈ ਸੀ, ਜਦੋਂਕਿ 8 ਮਜ਼ਦੂਰ ਜ਼ਖਮੀ ਹੋ ਗਏ ਸਨ। 11 ਜੂਨ, 2020 ਨੂੰ ਗੁਜਰਾਤ ਦੇ ਹੀ ਅੰਕਲੇਸ਼ਵਰ ’ਚ ਗੁਜਰਾਤ ਉਦਯੋਗਿਕ ਵਿਕਾਸ ਨਿਗਮ (ਜੀ. ਆਈ. ਡੀ. ਸੀ.) ਦੇ ਕੈਮੀਕਲ ਅਸਟੇਟ ਦੇ ਇਕ ਕਾਰਖਾਨੇ ਵਿਚ ਹੋਏ ਧਮਾਕੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂਕਿ 5 ਹੋਰ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ- ਜੰਤਰ-ਮੰਤਰ 'ਤੇ ਬੈਠੇ ਪਹਿਲਵਾਨਾਂ ਨੂੰ ਮਿਲਿਆ ਕਿਸਾਨਾਂ ਦਾ ਸਾਥ, ਧਰਨੇ 'ਚ ਪਹੁੰਚੇ ਰਾਕੇਸ਼ ਟਿਕੈਤ
ਉਦਯੋਗਿਕ ਘਟਨਾਵਾਂ ਪ੍ਰਤੀ ਗੰਭੀਰਤਾ ਜ਼ਰੂਰੀ
‘ਡਾਊਨ ਟੂ ਅਰਥ’ ਦੀ ਰਿਪੋਰਟ ਮੁਤਾਬਕ ਜਰਨਲ ‘ਸੇਫਟੀ ਸਾਇੰਸ’ ਵਿਚ ਛਪੇ ਅਧਿਐਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੇਸ਼ ਵਿਚ ਇਨ੍ਹਾਂ ਉਦਯੋਗਿਕ ਘਟਨਾਵਾਂ ਕਾਰਨ ਚੌਗਿਰਦੇ ਨੂੰ ਜੋ ਨੁਕਸਾਨ ਹੋ ਰਿਹਾ ਹੈ, ਉਸ ਦਾ ਜਾਇਜ਼ਾ ਲੈਣ ਲਈ ਕੋਈ ਗੰਭੀਰ ਯਤਨ ਨਹੀਂ ਕੀਤਾ ਜਾ ਰਿਹਾ। ਇਸ ਬਾਰੇ ਉਸਮਾਨੀਆ ਅਤੇ ਹੈਦਰਾਬਾਦ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ਦੇ ਇਕ ਸੇਵਾਮੁਕਤ ਪ੍ਰੋਫੈਸਰ ਜੀ. ਸ਼੍ਰੀਮੰਨਾਰਾਇਣ ਨੇ ਦੱਸਿਆ ਕਿ ਰਿਸਾਅ ਦੀ ਸਥਿਤੀ ’ਚ ਸਮੇਂ ’ਤੇ ਕਦਮ ਚੁੱਕਣਾ ਵੀ ਜ਼ਰੂਰੀ ਹੈ। ਉਨ੍ਹਾਂ ਮੁਤਾਬਕ ਇਸ ਦੇ ਲਈ ਕੰਟਰੋਲ ਰੂਮ ਵਿਚ ਅਲਰਟ ਕਰਨ ਲਈ ਇਲੈਕਟ੍ਰਾਨਿਕ ਸੈਂਸਰ ਲਾਏ ਜਾਣੇ ਚਾਹੀਦੇ ਹਨ।