ਦੇਸ਼ ’ਚ ਨਕਸਲੀ ਹਿੰਸਾ ਦੀਆਂ ਘਟਨਾਵਾਂ ’ਚ 41 ਫ਼ੀਸਦੀ ਦੀ ਆਈ ਕਮੀ: ਗ੍ਰਹਿ ਮੰਤਰਾਲਾ

04/26/2022 4:53:58 PM

ਨਵੀਂ ਦਿੱਲੀ (ਭਾਸ਼ਾ)– ਦੇਸ਼ ’ਚ 2013 ਦੀ ਤੁਲਨਾ ’ਚ 2020 ’ਚ ਨਕਸਲੀ ਹਿੰਸਾ ਦੀਆਂ ਘਟਨਾਵਾਂ ’ਚ 41 ਫ਼ੀਸਦੀ ਅਤੇ ਮੌਤਾਂ ’ਚ 54 ਫ਼ੀਸਦੀ ਦੀ ਕਮੀ ਆਈ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਕਾਫੀ ਹੱਦ ਤੱਕ ਸੀਮਤ ਕਰ ਦਿੱਤਾ ਗਿਆ ਹੈ ਅਤੇ ਮਾਓਵਾਦੀ ਹਿੰਸਾ ਦੀਆਂ 88 ਫ਼ੀਸਦੀ ਘਟਨਾਵਾਂ ਸਿਰਫ 30 ਜ਼ਿਲ੍ਹਿਆਂ ’ਚ ਸਾਹਮਣੇ ਆਈਆਂ ਹਨ। ਗ੍ਰਹਿ ਮੰਤਰਾਲਾ ਦੀ 2020-21 ਲਈ ਸਾਲਾਨਾ ਰਿਪੋਰਟ ਮੁਤਾਬਕ 2013 ’ਚ 10 ਸੂਬਿਆਂ ਦੇ 76 ਜ਼ਿਲ੍ਹਿਆਂ ਦੇ 328 ਪੁਲਸ ਥਾਣਿਆਂ ਦੀ ਤੁਲਨਾ ’ਚ 2020 ’ਚ 9 ਸੂਬਿਆਂ ਦੇ 53 ਜ਼ਿਲ੍ਹਿਆਂ ਦੇ 226 ਪੁਲਸ ਥਾਣਿਆਂ ਤੋਂ ਨਕਸਲੀ ਹਿੰਸਾ ਦੀ ਸੂਚਨਾ ਮਿਲੀ ਸੀ। ਰਿਪੋਰਟ ਮੁਤਾਬਕ ਪਿਛਲੇ 6 ਸਾਲਾਂ ’ਚ ਖੱਬੇਪੱਖੀ ਕੱਟੜਵਾਦ ਹਿੰਸਾ ’ਚ ਜ਼ਿਕਰਯੋਗ ਗਿਰਾਵਟ ਵੇਖੀ ਗਈ ਹੈ।

ਸਾਲ 2011 ’ਚ ਸ਼ੁਰੂ ਹੋਈ ਗਿਰਾਵਟ ਦਾ ਸਿਲਸਿਲਾ 2020 ’ਚ ਵੀ ਜਾਰੀ ਰਿਹਾ। ਗ੍ਰਹਿ ਮੰਤਰਾਲਾ ਦੀ ਸਾਲਾਨਾ ਰਿਪੋਰਟ ’ਚ ਕਿਹਾ ਗਿਆ ਕਿ 2013 ਦੀ ਤੁਲਨਾ ’ਚ 2020 ’ਚ ਹਿੰਸਕ ਘਟਨਾਵਾਂ ’ਚ  ਕੁੱਲ 41 ਫ਼ੀਸਦੀ ਦੀ ਕਮੀ ਆਈ ਅਤੇ ਇਹ ਗਿਣਤੀ 1,136 ਤੋਂ ਘੱਟ ਕੇ 665 ਰਹਿ ਗਈ। ਰਿਪੋਰਟ ਮੁਤਾਬਕ 2020 ’ਚ 315 ਘਟਨਾਵਾਂ ਅਤੇ 111 ਲੋਕਾਂ ਦੀ ਮੌਤ ਨਾਲ ਛੱਤੀਸਗੜ੍ਹ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਾ ਬਣਿਆ ਰਿਹਾ। ਇਸ ਤੋਂ ਬਾਅਦ ਝਾਰਖੰਡ ’ਚ 199 ਘਟਨਾਵਾਂ ਅਤੇ 39 ਮੌਤਾਂ, ਓਡੀਸ਼ਾ ’ਚ 50 ਘਟਨਾਵਾਂ ਅਤੇ 9 ਮੌਤਾਂ,  ਮਹਾਰਾਸ਼ਟਰ ’ਚ 30 ਘਟਨਾਵਾਂ ਅਤੇ 8 ਮੌਤਾਂ ਅਤੇ ਬਿਹਾਰ ’ਚ 26 ਘਟਨਾਵਾਂ ਅਤੇ 8 ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਖੱਬੇਪੱਖੀ ਕੱਟੜਵਾਦ ਦੀ ਹਿੰਸਾ ਦਾ ਭੂਗੋਲਿਕ ਪ੍ਰਸਾਰ ਵੀ ਕਾਫੀ ਘੱਟ ਹੋ ਰਿਹਾ ਹੈ ਅਤੇ ਹਿੰਸਾ ਦਾ ਦਾਇਰਾ ਕਾਫੀ ਹੱਦ ਤੱਕ ਸੀਮਤ ਹੋ ਗਿਆ ਹੈ।


Tanu

Content Editor

Related News