ਉੱਤਰ ਪ੍ਰਦੇਸ਼ ''ਚ 7ਵੀਂ ਦੀ ਵਿਦਿਆਰਥਣ ਅਗਵਾ, ਜਬਰ-ਜ਼ਨਾਹ ਕਰਕੇ ਬਣਾਈ ਵੀਡੀਓ
Friday, Jul 27, 2018 - 02:11 AM (IST)

ਮੇਰਠ—ਉੱਤਰ ਪ੍ਰਦੇਸ਼ ਦੇ ਮੇਰਠ ਦੇ ਕੰਕਰਖੇੜਾ ਥਾਣੇ ਅਧੀਨ ਪੈਂਦੇ ਇਲਾਕੇ 'ਚ 7ਵੀਂ ਜਮਾਤ ਦੀ ਇਕ ਦਲਿਤ ਵਿਦਿਆਰਥਣ ਨੂੰ 5 ਨੌਜਵਾਨਾਂ ਵਲੋਂ ਅਗਵਾ ਕਰ ਕੇ ਜਬਰ-ਜ਼ਨਾਹ ਕੀਤੇ ਜਾਣ ਅਤੇ ਇਸ ਵਾਰਦਾਤ ਦਾ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਉਪਰੋਕਤ ਥਾਣੇ ਦੇ ਇੰਸਪੈਕਟਰ ਦੀਪਕ ਸ਼ਰਮਾ ਨੇ ਦੱਸਿਆ ਕਿ 12 ਸਾਲ ਦੀ ਦਲਿਤ ਬੱਚੀ ਦੇ ਮਾਪਿਆਂ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ 19 ਜੁਲਾਈ ਨੂੰ ਸਕੂਲ ਜਾਂਦੇ ਸਮੇਂ ਵਿਦਿਆਰਥਣ ਨੂੰ ਸਰਦਨਾ ਰੋਡ ਤੋਂ ਮੰਨੂ (19) ਨੇ ਆਪਣੇ 4 ਦੋਸਤਾਂ ਨਾਲ ਅਗਵਾ ਕਰ ਲਿਆ। ਮੰਨੂ ਨੇ ਇਕ ਹੋਟਲ 'ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ, ਜਦਕਿ ਉਸ ਦੇ ਦੋਸਤਾਂ ਸਚਿਤ, ਪ੍ਰਵੀਨ, ਸਤਿੰਦਰ ਅਤੇ ਰਵੀ ਨੇ ਮੋਬਾਇਲ ਨਾਲ ਇਸ ਵਾਰਦਾਤ ਦੀ ਵੀਡੀਓ ਬਣਾਈ। ਬਾਅਦ ਵਿਚ ਵਿਦਿਆਰਥਣ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਾਈਵੇ 'ਤੇ ਸੁੱਟ ਕੇ ਫਰਾਰ ਹੋ ਗਏ। ਦੱਸਿਆ ਗਿਆ ਹੈ ਕਿ ਕਥਿਤ ਦੋਸ਼ੀ ਵੀਡੀਓ ਕਲਿਪ ਵਾਇਰਲ ਕਰਨ ਦੀ ਧਮਕੀ ਦੇ ਰਹੇ ਸਨ, ਜਿਸ ਕਾਰਨ ਇਕ ਹਫਤੇ ਤਕ ਵਿਦਿਆਰਥਣ ਨੇ ਮੂੰਹ ਨਾ ਖੋਲ੍ਹਿਆ। ਸਕੂਲ ਤੋਂ ਗੈਰ-ਹਾਜ਼ਰ ਰਹਿਣ 'ਤੇ ਸਕੂਲ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਵਿਦਿਆਰਥਣ ਦੇ ਮਾਪਿਆਂ ਨੂੰ ਫੋਨ ਕੀਤਾ ਤਾਂ ਜਾ ਕੇ ਵਿਦਿਆਰਥਣ ਨੇ ਮਾਪਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇੰਸਪੈਕਟਰ ਅਨੁਸਾਰ ਸ਼ਿਕਾਇਤ ਦੇ ਆਧਾਰ 'ਤੇ ਉਪਰੋਕਤ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਭਾਲ ਕੀਤੀ ਜਾ ਰਹੀ ਹੈ।