ਦੋ ਮਹੀਨਿਆਂ ’ਚ ਦੇਸ਼ ਭਰ ’ਚ ਹੋਣਗੇ 48 ਲੱਖ ਵਿਆਹ, 6 ਲੱਖ ਕਰੋੜ ਹੋਣਗੇ ਖਰਚ
Tuesday, Nov 05, 2024 - 12:54 AM (IST)
ਨਵੀਂ ਦਿੱਲੀ - ਦੀਵਾਲੀ ਅਤੇ ਛੱਠ ਦੇ ਨਾਲ ਭਾਰਤ ’ਚ ਤਿਉਹਾਰੀ ਸੀਜ਼ਨ ’ਤੇ ਵਿਰਾਮ ਲੱਗ ਜਾਵੇਗਾ। ਇਹ ਤਿਉਹਾਰੀ ਸੀਜ਼ਨ ਦੇਸ਼ ਦੀ ਅਰਥਵਿਵਸਥਾ ਅਤੇ ਕਾਰੋਬਾਰੀਆਂ ਦੋਵਾਂ ਲਈ ਹੀ ਵਧੀਆ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਧਨਤੇਰਸ ਤੋਂ ਲੈ ਕੇ ਦੀਵਾਲੀ ਤੱਕ ਦੇਸ਼ ’ਚ 4.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ। ਉੱਥੇ ਹੀ, ਹੁਣ ਤਿਉਹਾਰੀ ਸੀਜ਼ਨ ਤੋਂ ਬਾਅਦ 12 ਨਵੰਬਰ ਤੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਅੰਦਾਜ਼ੇ ਮੁਤਾਬਕ ਵਿਆਹਾਂ ਦਾ ਇਹ ਸੀਜ਼ਨ 2 ਮਹੀਨਿਆਂ ਤੱਕ ਚੱਲੇਗਾ ਅਤੇ ਇਸ ਨਾਲ ਇਕਾਨਮੀ ਨੂੰ ਵੀ ਬੂਸਟ ਮਿਲੇਗਾ।
ਕੈਟ ਦੇ ਅੰਦਾਜ਼ੇ ਮੁਤਾਬਕ ਵਿਆਹਾਂ ਦੇ ਇਸ ਸੀਜ਼ਨ ’ਚ ਦੇਸ਼ ’ਚ 48 ਲੱਖ ਵਿਆਹ ਹੋਣਗੇ। ਇਨ੍ਹਾਂ ਵਿਆਹਾਂ ਤੋਂ 6 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਜੇ ਸਿਰਫ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਕੱਲੀ ਦਿੱਲੀ ’ਚ 4.5 ਲੱਖ ਵਿਆਹਾਂ ਤੋਂ 1.5 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਵਪਾਰੀਆਂ ਮੁਤਾਬਕ ਵਿਆਹਾਂ ਦੀ ਸ਼ਾਪਿੰਗ ਲੋਕਾਂ ਨੇ ਦੀਵਾਲੀ ਤੋਂ ਪਹਿਲਾਂ ਸ਼ੁਰੂ ਕਰ ਦਿੱਤੀ ਸੀ, ਜੋ ਅਜੇ ਵੀ ਚੱਲ ਰਹੀ ਹੈ।
ਇਸ ਚੀਜ਼ ਦਾ ਖੂਬ ਚੁੱਕਿਆ ਗਿਆ ਫਾਇਦਾ
ਦੀਵਾਲੀ ’ਤੇ ਵੈਰਾਇਟੀ ਅਤੇ ਡਿਸਕਾਊਂਟ ਦਾ ਲੋਕ ਖੂਬ ਫਾਇਦਾ ਉਠਾਉਂਦੇ ਹਨ, ਅਜਿਹੇ ’ਚ ਵਿਆਹਾਂ ਦੇ ਸੀਜ਼ਨ ਲਈ ਸ਼ਾਪਿੰਗ ਲੋਕਾਂ ਨੇ ਤਿਉਹਾਰੀ ਸੀਜ਼ਨ ਦੇ ਆਫਰਜ਼ ਤੋਂ ਹੀ ਕਰਨੀ ਸ਼ੁਰੂ ਕਰ ਦਿੱਤੀ ਸੀ। ਕੈਟ ਨੇ 75 ਸ਼ਹਿਰਾਂ ’ਚ ਵਪਾਰਕ ਸੰਗਠਨਾਂ ਨਾਲ ਗੱਲਬਾਤ ਕਰ ਕੇ ਸਰਵੇ ਕੀਤਾ ਹੈ।
ਪਿਛਲੇ ਸਾਲ ਵਿਆਹਾਂ ਦੇ ਸੀਜ਼ਨ ’ਚ ਹੋਏ 35 ਲੱਖ ਵਿਆਹਾਂ ਤੋਂ 4.25 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ, ਜਿਸ ਦੇ ਹੁਣ ਇਸ ਸੀਜ਼ਨ ’ਚ ਵਧਣ ਦੀ ਉਮੀਦ ਹੈ। ਇਸ ਸਾਲ 12 ਨਵੰਬਰ ਤੋਂ 16 ਦਸੰਬਰ ਤੱਕ ਬੰਪਰ ਵਿਆਹਾਂ ਦੇ ਮਹੂਰਤ ਹਨ।
2 ਮਹੀਨਿਆਂ ’ਚ 18 ਮਹੂਰਤ
ਨਵੰਬਰ ’ਚ ਸ਼ੁਰੂ ਹੋਣ ਵਾਲਾ ਵੈਡਿੰਗ ਸੀਜ਼ਨ 12, 13, 17, 18, 22, 23, 25, 26, 28, 29 ਨਵੰਬਰ ਅਤੇ 4, 5, 9, 10, 11, 14, 15, 16 ਦਸੰਬਰ ਤੱਕ ਚੱਲੇਗਾ। 2 ਮਹੀਨਿਆਂ ’ਚ ਕੁਲ 18 ਦਿਨ ਵਿਆਹਾਂ ਦੇ ਮਹੂਰਤ ਹਨ। 17 ਦਸੰਬਰ ਤੋਂ ਲੱਗਭਗ ਇਕ ਮਹੀਨੇ ਦਾ ਵਿਆਹ ’ਤੇ ਵਿਰਾਮ ਹੋਵੇਗਾ। ਵਿਆਹਾਂ ਦਾ ਦੌਰ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋਵੇਗਾ। ਜਨਵਰੀ ਦੇ ਅੱਧ ਤੋਂ ਮਾਰਚ 2025 ਤੱਕ ਵਿਆਹ ਹੀ ਵਿਆਹ ਹੋਣਗੇ।
ਮੇਡ ਇਨ ਇੰਡੀਆ ਦੀ ਵਧੀ ਡਿਮਾਂਡ
ਕੈਟ ਦੇ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਦੀ ਸਰਵੇ ਰਿਪੋਰਟ ਮੁਤਾਬਕ ਖਰੀਦਦਾਰਾਂ ਨੇ ਇਸ ਵਾਰ ਆਪਣਾ ਸ਼ਾਪਿੰਗ ਟ੍ਰੈਂਡ ਬਦਲਿਆ ਹੈ। ਹੁਣ ਲੋਕ ਮੇਡ ਇਨ ਇੰਡੀਆ ਪ੍ਰੋਡਕਟਸ ਨੂੰ ਵਿਦੇਸ਼ੀ ਸਾਮਾਨਾਂ ਦੇ ਮੁਕਾਬਲੇ ਜ਼ਿਆਦਾ ਖਰੀਦ ਰਹੇ ਹਨ। ਦੀਵਾਲੀ ’ਤੇ ਲੋਕਾਂ ਦੀ ਜੰਮ ਕੇ ਖਰੀਦਦਾਰੀ ਨਾਲ ਦੇਸ਼ ਦੀ ਇਕਾਨਮੀ ਨੂੰ ਵੀ ਜਬਰਦਸਤ ਬੂਸਟ ਮਿਲਿਆ ਹੈ। ਹੁਣ ਕਾਰੋਬਾਰੀਆਂ ਦੀਆਂ ਨਜ਼ਰਾਂ ਵਿਆਹਾਂ ਦੇ ਸੀਜ਼ਨ ’ਤੇ ਟਿਕੀਆਂ ਹਨ।