ਸ਼ੋਪੀਆਂ ਮੁਕਾਬਲੇ ''ਚ ਜਵਾਨਾਂ ਨੇ ਕੀਤਾ ਨਿਯਮਾਂ ਦਾ ਉਲੰਘਣ, ਕਾਰਵਾਈ ਦੇ ਆਦੇਸ਼

09/18/2020 7:26:14 PM

ਨਵੀਂ ਦਿੱਲੀ - ਫ਼ੌਜ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਇੱਕ ਮੁਕਾਬਲੇ ਦੌਰਾਨ ਨਿਯਮਾਂ ਦੀ ਉਲੰਘਣਾ 'ਤੇ ਅਨੁਸ਼ਾਸਨਾਤਮਕ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਫ਼ੌਜ ਦੀ ਕੋਰਟ ਆਫ ਇੰਕੁਆਰੀ ਨੇ ਜਵਾਨਾਂ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਖ਼ਿਲਾਫ਼ ਕਾਰਵਾਈ ਦਾ ਆਦੇਸ਼ ਦਿੱਤਾ ਹੈ।

ਸ਼ੋਪੀਆਂ ਦੀ ਘਟਨਾ ਜੁਲਾਈ 2020 ਦੀ ਹੈ। ਇੱਕ ਮੁਕਾਬਲੇ 'ਚ ਜਿੰਨੇ ਜਵਾਨ ਸ਼ਾਮਲ ਸਨ, ਉਨ੍ਹਾਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਹੋਵੇਗੀ। ਫ਼ੌਜ ਨੇ ਇਸਦਾ ਆਦੇਸ਼ ਦਿੱਤਾ ਹੈ। ਫ਼ੌਜ ਵੱਲੋਂ ਕਿਹਾ ਗਿਆ ਹੈ ਕਿ ਪਹਿਲੀ ਨਜ਼ਰ 'ਚ ਅਜਿਹਾ ਲੱਗਦਾ ਹੈ ਕਿ ਮੁਕਾਬਲੇ 'ਚ ਸ਼ਾਮਲ ਜਵਾਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ।

ਦੱਸ ਦਈਏ ਕਿ, ਇਸ ਘਟਨਾ ਦੇ ਪੀੜਤਾਂ ਨੇ ਫ਼ੌਜ ਦੀ ਕਾਰਵਾਈ 'ਤੇ ਸਵਾਲ ਚੁੱਕਿਆ ਸੀ ਅਤੇ ਤਿੰਨ ਲੋਕਾਂ  ਦੇ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਹ ਫ਼ਰਜ਼ੀ ਐਨਕਾਉਂਟਰ ਸੀ। ਇਸ ਘਟਨਾ 'ਚ ਜਿਨ੍ਹਾਂ ਲੋਕਾਂ ਨੂੰ ਮਾਰਿਆ ਗਿਆ ਉਨ੍ਹਾਂ ਦਾ ਅੱਤਵਾਦ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਜੋ ਤਿੰਨ ਲੋਕ ਮਾਰੇ ਗਏ ਸਨ ਉਨ੍ਹਾਂ ਦਾ ਡੀ.ਐੱਨ.ਏ. ਰਿਪੋਰਟ ਵੀ ਅਜੇ ਆਉਣਾ ਬਾਕੀ ਹੈ।

ਫ਼ੌਜ ਮੁਤਾਬਕ, ਸਬੂਤ ਮਿਲੇ ਹਨ ਕਿ ਜਵਾਨਾਂ ਨੇ ਸ਼ੋਪੀਆਂ ਮੁਕਾਬਲੇ 'ਚ ਅਫਸਪਾ ਦੇ ਤਹਿਤ ਮਿਲੀ ਤਾਕਤਾਂ ਦੀ ਉਲੰਘਣਾ ਕੀਤੀ। ਦੱਸ ਦਈਏ, ਇਸ ਸਾਲ ਜੁਲਾਈ ਮਹੀਨੇ 'ਚ ਹੋਏ ਇਸ ਮੁਕਾਬਲੇ 'ਚ ਤਿੰਨ ਲੋਕ ਮਾਰੇ ਗਏ ਸਨ। ਬਾਅਦ 'ਚ ਪਰਿਵਾਰ ਦੀ ਸ਼ਿਕਾਇਤ 'ਤੇ ਫ਼ੌਜ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਸੀ।

ਫ਼ੌਜ ਦੀ ਕਾਰਵਾਈ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਨੇ ਟਵੀਟ ਕੀਤਾ ਹੈ। ਅਬਦੁੱਲਾ ਨੇ ਕਿਹਾ ਹੈ ਕਿ ਜਿਨ੍ਹਾਂ ਤਿੰਨ ਲੋਕਾਂ ਦੀ ਹੱਤਿਆ ਹੋਈ ਉਨ੍ਹਾਂ ਦੇ  ਪਰਿਵਾਰਕ ਮੈਂਬਰ ਆਪਣੀ ਬੇਗੁਨਾਹੀ ਸਾਬਤ ਕਰਦੇ ਰਹੇ ਹਨ। ਹੁਣ ਫ਼ੌਜ ਨੇ ਜਦੋਂ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਤਾਂ ਇਸ ਤੋਂ ਤੈਅ ਹੈ ਕਿ ਉਹ ਪੀੜਤ ਪਰਿਵਾਰ ਦੀ ਗੱਲ ਤੋਂ ਸਹਿਮਤ ਹਨ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।


Inder Prajapati

Content Editor

Related News