ਰਾਜਨੀਤੀ ''ਚ ਤੁਸੀਂ ਹਰ ਗੱਲ ਦਿਲ ''ਤੇ ਨਹੀਂ ਲੈ ਸਕਦੇ : ਸੁਪਰੀਮ ਕੋਰਟ

Saturday, Sep 21, 2024 - 05:00 PM (IST)

ਰਾਜਨੀਤੀ ''ਚ ਤੁਸੀਂ ਹਰ ਗੱਲ ਦਿਲ ''ਤੇ ਨਹੀਂ ਲੈ ਸਕਦੇ : ਸੁਪਰੀਮ ਕੋਰਟ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐੱਲ. ਮੁਰੂਗਨ ਖ਼ਿਲਾਫ਼ ਅਪਰਾਧਕ ਮਾਣਹਾਨੀ ਮਾਮਲੇ 'ਚ ਸ਼ੁਰੂ ਕੀਤੀ ਗਈ ਕਾਰਵਾਈ ਸੰਬੰਧੀ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਰਾਜਨੀਤੀ 'ਚ ਤੁਸੀਂ 'ਹਰ ਗੱਲ ਦਿਲ 'ਤੇ ਨਹੀਂ' ਲੈ ਸਕਦੇ। ਮੁਰੂਗਨ ਨੇ ਪਿਛਲੇ ਸਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਕੇ ਮਦਰਾਸ ਹਾਈ ਕੋਰਟ ਦੇ 5 ਸਤੰਬਰ 2023 ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ। ਮਦਰਾਸ ਹਾਈ ਕੋਰਟ ਨੇ ਦਸੰਬਰ 2020 'ਚ ਇਕ ਪੱਤਰਕਾਰ ਸੰਮੇਲਨ ਦੌਰਾਨ ਮੁਰੂਗਨ ਦੇ ਮਾਣਹਾਨੀਕਾਰਕ ਬਿਆਨਾਂ ਨੂੰ ਲੈ ਕੇ ਚੇਨਈ ਸਥਿਤ 'ਮੁਰਾਸੋਲੀ ਟਰੱਸਟ' ਵਲੋਂ ਦਾਇਰ ਸ਼ਿਕਾਇਤ 'ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। 

ਸੁਪਰੀਮ ਕੋਰਟ ਨੇ ਪਿਛਲੇ ਸਾਲ 27 ਸਤੰਬਰ ਨੂੰ ਉਨ੍ਹਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਨ 'ਤੇ ਸਹਿਮਤੀ ਜਤਾਉਂਦੇ ਹੋਏ ਚੇਨਈ ਦੀ ਇਕ ਵਿਸ਼ੇਸ਼ ਅਦਾਲਤ 'ਚ ਮੁਰੂਗਨ ਖ਼ਿਲਾਫ਼ ਪੈਂਡਿੰਗ ਕਾਰਵਾਈ 'ਤੇ ਰੋਕ ਲਗਾ ਦਿੱਤੀ ਸੀ। ਬੈਂਚ ਨੇ ਉਨ੍ਹਾਂ ਦੀ ਪਟੀਸ਼ਨ 'ਤੇ ਮੁਰਾਸੋਲੀ ਟਰੱਸਟ ਤੋਂ ਵੀ ਜਵਾਬ ਮੰਗਿਆ ਸੀ। ਇਹ ਮਾਮਲਾ ਦਜੋਂ ਸ਼ੁੱਕਰਵਾਰ ਨੂੰ ਜੱਜ ਬੀ.ਆਰ. ਗਵਈ ਅਤੇ ਜੱਜ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਦੇ ਸਾਹਮਣੇ ਸੁਣਵਾਈ ਲਈ ਆਇਆ ਤਾਂ ਮੁਰੂਗਨ ਵਲੋਂ ਪੇਸ਼ ਵਕੀਲ ਨੇ ਕਿਹਾ,''ਇਸ ਮਾਮਲੇ 'ਚ ਮਾਣਹਾਨੀ ਦਾ ਸਵਾਲ ਹੀ ਕਿੱਥੇ ਹੈ?'' ਟਰੱਸਟ  ਵਲੋਂ ਪੇਸ਼ ਵਕੀਲ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕੀਤੇ ਜਾਣ ਦੀ ਅਪੀਲ ਕੀਤੀ। ਬੈਂਚ ਨੇ ਕਿਹਾ,''ਰਾਜਨੀਤੀ 'ਚ ਤੁਸੀਂ ਹਰ ਗੱਲ ਦਿਲ 'ਤੇ ਨਹੀਂ ਲੈ ਸਕਦੇ।'' ਸੁਪਰੀਮ ਕੋਰਟ ਨੇ ਕਿਹਾ,''ਪਟੀਸ਼ਨਰ ਦੇ ਵਕੀਲ ਦੀ ਅਪੀਲ 'ਤੇ ਚਾਰ ਹਫ਼ਤੇ ਬਾਅਦ ਸੁਣਵਾਈ ਹੋਵੇਗੀ।'' ਮੁਰੂਗਨ ਨੇ ਆਪਣੇ ਖ਼ਿਲਾਫ਼ ਕਾਰਵਾਈ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹਾਈ ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਸੀ ਕਿ ਟਰੱਸਟ ਅਨੁਸਾਰ, ਮੁਰੂਗਨ ਨੇ ਆਮ ਜਨਤਾ ਦੀ ਨਜ਼ਰ 'ਚ ਮੁਰਾਸੋਲੀ ਟਰੱਸਟ ਦੇ ਮਾਣ ਨੂੰ ਧੁੰਦਲਾ ਕਰਨ ਦੇ ਇਕ ਮਕਸਦ ਨਾਲ ਬਿਆਨ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News