ਆਂਧਰਾ ਪ੍ਰਦੇਸ਼ ਦੀ ਕੈਬਨਿਟ ਫੇਰਬਦਲ, 4 ਔਰਤਾਂ ਸਮੇਤ 25 ਮੰਤਰੀਆਂ ਨੇ ਚੁੱਕੀ ਸਹੁੰ
Monday, Apr 11, 2022 - 03:01 PM (IST)
ਵਿਜੇਵਾੜਾ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਸੱਤਾ ’ਚ ਆਉਣ ਦੇ ਕਰੀਬ 3 ਸਾਲ ਬਾਅਦ ਪਹਿਲੀ ਵਾਰ ਕੈਬਨਿਟ ’ਚ ਵੱਡਾ ਫੇਰਬਦਲ ਕੀਤਾ ਹੈ। ਉਨ੍ਹਾਂ ਨੇ 25 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ, ਜਿਨ੍ਹਾਂ ’ਚ 4 ਔਰਤਾਂ ਵੀ ਸ਼ਾਮਲ ਹਨ। ਨਵੇਂ ਕੈਬਨਿਟ ਮੰਤਰੀਆਂ ਲਈ ਵਿਭਾਗਾਂ ਦੀ ਵੰਡ ਸ਼ਾਮ ਤੱਕ ਹੋਣ ਦੀ ਉਮੀਦ ਹੈ। ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਨੇ ਵੇਲਗਾਪੁਡੀ ’ਚ ਸਕੱਤਰੇਤ ਕੋਲ ਆਯੋਜਿਤ ਇਕ ਸਮਾਰੋਹ ’ਚ ਨਵੇਂ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁੱਕਾਈ। ਪਿਛਲੀ ਕੈਬਨਿਟ ਦੇ 11 ਮੈਂਬਰਾਂ ਨੂੰ ਕੈਬਨਿਟ ’ਚ ਬਰਕਰਾਰ ਰੱਖਿਆ ਗਿਆ ਹੈ।
ਸਰਬਸ਼੍ਰੀ ਅੰਬਾਤੀ ਰਾਮਬਾਬੂ, ਅਮਜਥ ਬਾਸ਼ਾ ਸ਼ੇਖ ਬੇਪਾਰੀ, ਔਡੀਮੁਲਪੁ ਸੁਰੇਸ਼, ਬੋਤਚਾ ਸੱਤਿਅਨਾਰਾਇਣ, ਬੁਡੀ ਮੁਤਿਆਲਾ ਨਾਇਡੂ, ਬੁਗਗਨਾ ਰਾਜੇਂਦਰਨਾਥ ਆਦਿ ਮੰਤਰੀਆਂ ਨੇ ਸਹੁੰ ਚੁੱਕੀ। ਦੱਸ ਦੇਈਏ ਕਿ ਰੈੱਡੀ ਨੇ ਮਈ 2019 ’ਚ ਮੁੱਖ ਮੰਤਰੀ ਬਣਨ ਤੋਂ ਬਾਅਦ ਕਿਹਾ ਸੀ ਕਿ ਉਹ ਆਪਣੇ ਢਾਈ ਸਾਲ ਦੇ ਕਾਰਜਕਾਲ ਤੋਂ ਬਾਅਦ ਕੈਬਨਿਟ ’ਚ ਫੇਰਬਦਲ ਕਰਨਗੇ। ਹਾਲਾਂਕਿ ਕੋਵਿਡ-19 ਮਹਾਮਾਰੀ ਕਾਰਨ ਇਸ ’ਚ ਦੇਰੀ ਹੋਈ। ਸੂਬੇ ’ਚ 2024 ’ਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ।