BJP ਨੇ ਹਰਿਆਣਾ ''ਚ ਰਣਜੀਤ ਚੌਟਾਲਾ ਸਮੇਤ ਅੱਠ ਬਾਗੀਆਂ ਨੂੰ ਕੱਢਿਆ

Monday, Sep 30, 2024 - 11:53 AM (IST)

BJP ਨੇ ਹਰਿਆਣਾ ''ਚ ਰਣਜੀਤ ਚੌਟਾਲਾ ਸਮੇਤ ਅੱਠ ਬਾਗੀਆਂ ਨੂੰ ਕੱਢਿਆ

ਚੰਡੀਗੜ੍ਹ- ਹਰਿਆਣਾ ਦੇ ਸਾਬਕਾ ਮੰਤਰੀ ਰਣਜੀਤ ਸਿੰਘ ਚੌਟਾਲਾ ਅਤੇ 7 ਹੋਰ ਨੇਤਾਵਾਂ ਨੂੰ ਭਾਜਪਾ ਪਾਰਟੀ ਨੇ 6 ਸਾਲ ਲਈ ਪਾਰਟੀ ਵਿਚੋਂ ਕੱਢ ਦਿੱਤਾ। ਇਨ੍ਹਾਂ ਨੇਤਾਵਾਂ ਨੇ 5 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਮੈਦਾਨ ਵਿਚ ਉਤਰਨ ਦਾ ਫ਼ੈਸਲਾ ਕੀਤਾ ਸੀ। ਭਾਜਪਾ ਦੀ ਹਰਿਆਣਾ ਇਕਾਈ ਨੇ ਕਿਹਾ ਕਿ ਉਸ ਦੇ ਮੁਖੀ ਮੋਹਨ ਲਾਲ ਬੜੌਲੀ ਨੇ ਇਨ੍ਹਾਂ ਨੇਤਾਵਾਂ ਨੂੰ ਤੁਰੰਤ ਪ੍ਰਭਾਵ ਤੋਂ 6 ਸਾਲ ਲਈ ਪਾਰਟੀ ਵਿਚੋਂ ਕੱਢ ਦਿੱਤਾ ਹੈ।

ਚੌਟਾਲਾ ਤੋਂ ਇਲਾਵਾ ਸੰਦੀਪ ਗਰਗ (ਲਾਡਵਾ ਤੋਂ ਚੋਣ ਲੜ ਰਹੇ), ਜਿਲੇ ਰਾਮ ਸ਼ਰਮਾ (ਅਸੰਧ), ਦੇਵੇਂਦਰ ਕਾਦਿਆਨ (ਗਨੌਰ), ਬਚਨ ਸਿੰਘ ਆਰੀਆ (ਸਫੀਦੋਂ), ਰਾਧਾ ਅਹਲਾਵਤ (ਮਹਮ), ਨਵੀਨ ਗੋਇਲ (ਗੁਰੂਗ੍ਰਾਮ) ਅਤੇ ਕੇਹਰ ਸਿੰਘ ਰਾਵਤ (ਹਥੀਨ) ਨੂੰ ਵੀ ਭਾਜਪਾ ਵਿਚੋਂ ਕੱਢ ਦਿੱਤਾ ਗਿਆ ਹੈ। ਚੌਟਾਲਾ ਨੇ ਭਾਜਪਾ ਛੱਡਣ ਦਾ ਫੈਸਲਾ ਉਦੋਂ ਕੀਤਾ, ਜਦੋਂ ਉਨ੍ਹਾਂ ਨੂੰ ਪਾਰਟੀ ਨੇ ਰਾਨੀਆ ਤੋਂ ਟਿਕਟ ਨਹੀਂ ਦਿੱਤੀ। ਰਾਨੀਆ ਉਹ ਸੀਟ ਹੈ, ਜਿਸ ਦਾ ਉਨ੍ਹਾਂ ਨੇ ਆਜ਼ਾਦ ਵਿਧਾਇਕ ਰਹਿਣ ਦੌਰਾਨ ਵਿਧਾਨ ਸਭਾ ਵਿਚ ਨੁਮਾਇੰਦਗੀ ਕੀਤੀ ਸੀ। ਚੌਟਾਲਾ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋਣ ਤੋਂ ਪਹਿਲਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਛੱਡ ਦਿੱਤੀ ਸੀ। ਉਨ੍ਹਾਂ ਨੇ ਹਿਸਾਰ ਤੋਂ ਸੰਸਦੀ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਦੱਸ ਦੇਈਏ ਕਿ 90 ਮੈਂਬਰੀ ਹਰਿਆਣਾ ਵਿਧਾਨ ਸਭਾ ਲਈ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਭਾਜਪਾ ਲਗਾਤਾਰ ਤੀਜੀ ਵਾਰ ਸੂਬੇ 'ਚ ਸੱਤਾ 'ਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦੀ ਹਰਿਆਣਾ ਇਕਾਈ ਨੇ ਸ਼ੁੱਕਰਵਾਰ ਨੂੰ 13 ਨੇਤਾਵਾਂ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕਰਨ ਤੋਂ ਬਾਅਦ 'ਪਾਰਟੀ ਵਿਰੋਧੀ ਗਤੀਵਿਧੀਆਂ' ਲਈ ਕੱਢ ਦਿੱਤਾ ਸੀ।


author

Tanu

Content Editor

Related News