ਚੰਦ ਮਿੰਟਾਂ ''ਚ ਹੋ ਸਕਦੇ ਹੋ ਤੁਸੀਂ ਦਰਦਾਂ ਤੋਂ ਮੁਕਤ, ਜਾਣੋ ਕਿਵੇਂ
Thursday, Jul 16, 2015 - 01:45 PM (IST)

ਸ਼ਿਮਲਾ- ਸਿਰ ''ਚ ਦਰਦ ਰਹਿੰਦਾ ਹੋਵੇਂ ਜਾਂ ਗਲੇ ''ਚ ਅਤੇ ਜਾਂ ਫਿਰ ਗੋਢਿਆਂ ''ਚ, ਇਨ੍ਹਾਂ ਬੀਮਾਰੀਆਂ ਤੋਂ ਹੁਣ ਤੁਹਾਨੂੰ ਚੰਦ ਮਿੰਟਾਂ ''ਚ ਛੁਟਕਾਰਾ ਮਿਲ ਸਕਦਾ ਹੈ। ਇਸ ਦੇ ਲਈ ਨਾ ਹਸਪਤਾਲ ''ਚ ਦਾਖਲ ਹੋਣ ਦੀ ਲੋੜ ਹੈ ਅਤੇ ਨਾ ਹੀ ਕੋਈ ਦਰਦ ਦੀਆਂ ਦਵਾਈਆਂ ਖਾਣ ਦੀ ਲੋੜ ਹੈ। ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਵੱਡੀ ਡਾਕਟਰੀ ਸੰਸਥਾ ਇੰਦਿਰਾ ਮੈਡੀਕਲ ਕਾਲਜ ਸ਼ਿਮਲਾ ''ਚ ਰੇਡਿਓ ਫ੍ਰੀਕਵੈਂਸੀ ਮਸ਼ੀਨ ਰਾਹੀਂ ਇਲਾਜ ਨਾਲ ਹੁਣ ਅਜਿਹੇ ਦਰਦਾਂ ਤੋਂ ਛੁਟਕਾਰਾ ਮਿਲ ਸਕੇਗਾ। ਤੁਹਾਨੂੰ ਦੱਸ ਦਈਏ ਸ਼ਿਮਲਾ ''ਚ ਇਸ ਪ੍ਰਣਾਲੀ ਨਾਲ ਇਲਾਜ ਕਰਨ ਲਈ ਪਹਿਲੀ ਵਾਰ ਪੇਨ ਕਲੀਨਿਕ ਦੀ ਸ਼ੁਰੂਆਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਲੀਨਿਕ ''ਚ ਦਰਦ ਨਾਲ ਤੜਪਦੇ ਲੋਕਾਂ ਦਾ ਇਲਾਜ ਹੋ ਰਿਹਾ ਹੈ। ਉਥੇ ਹੀ ਕਲੀਨਿਕ ਨਾਲ ਜੁੜੇ ਡਾ. ਗਿਰੀਸ਼ ਸ਼ਰਮਾ ਦਾ ਕਹਿਣਾ ਹੈ ਕਿ ਕਿਸੇ ਮਰੀਜ਼ ਦਾ ਲੰਬੇ ਸਿਰੇ ਤੋਂ ਦਰਦ ਰਹਿਣ ''ਤੇ ਦਰਦ ਨੂੰ ਖਤਮ ਕਰਨ ਵਾਲੀਆਂ ਦਵਾਈਆਂ ਦਾ ਅਸਰ ਘੱਟ ਹੋਣ ਲੱਗ ਜਾਂਦਾ ਹੈ। ਕਈ ਸਾਈਡ ਇਫੈਕਟ ਵੀ ਹੁੰਦੇ ਹਨ। ਅਜਿਹੇ ''ਚ ਮਰੀਜ਼ ਦਰਦ ਨਾਲ ਛੁਟਕਾਰਾ ਪਾਉਣ ਲਈ ਪੇਨ ਕਲੀਨਿਕ ਆ ਸਕਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਿਧੀ ਨਾਲ ਇਲਾਜ ਦੇ ਸਾਈਡ ਇਫੈਕਟ ਵੀ ਨਹੀਂ ਹਨ। ਮਰੀਜ਼ ਨੂੰ ਸਿਰਫ 2 ਘੰਟੇ ਬਾਅਦ ਘਰ ਭੇਜ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਆਈ. ਜੀ. ਐੱਮ. ਸੀ. ਦੇ ਅਨੈਸਥੀਸਿਆ ਵਿਭਾਗ ਨੇ ਪੇਨ ਕਲੀਨਿਕ ਦੀ ਸ਼ੁਰੂਆਤ ਕੀਤੀ ਹੈ। ਡਾ. ਗਿਰੀਸ਼ ਨੇ ਦੱਸਿਆ ਕਿ ਪੇਨ ਕਲੀਨਿਕ ''ਚ ਹੁਣ ਤੱਕ 110 ਮਰੀਜ਼ ਇਲਾਜ ਕਰਵਾ ਚੁੱਕੇ ਹਨ। ਲੰਬੇ ਸਮੇਂ ਤੋਂ ਸਿਰ ਦਰਦ, ਗਲੇ ''ਚ ਦਰਦ, ਗੋਢਿਆਂ ''ਚ ਦਰਦ, ਗਲੇ ਦੀ ਹੱਡੀ ਵੱਧ ਗਈ ਹੋਵੇ ਇਸ ਨਵੀਂ ਤਕਨੀਕ ਨਾਲ ਇਨ੍ਹਾਂ ਬੀਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਇਸ ਵਿਧੀ ਨਾਲ ਇਲਾਜ ਕਰਵਾਉਣ ''ਚ 1500 ਤੋਂ ਲੈ ਕੇ 65,000 ਰੁਪਏ ਤੱਕ ਦਾ ਖਰਚ ਆ ਸਕਦਾ ਹੈ।