ਆਸਾਮ ’ਚ ਸਥਾਨਕ ਲੋਕਾਂ ਨੇ ਮਦਰੱਸੇ ਨੂੰ ਢਾਹਿਆ, ਜੇਹਾਦੀ ਗਤੀਵਿਧੀਆਂ ’ਚ ਹੋ ਰਹੀ ਸੀ ਇਸ ਦੀ ਵਰਤੋਂ
Wednesday, Sep 07, 2022 - 09:41 AM (IST)
ਗੁਹਾਟੀ (ਭਾਸ਼ਾ)- ਆਸਾਮ ਦੇ ਗੋਵਾਲਪਾੜਾ ਜ਼ਿਲ੍ਹੇ ’ਚ ਸਥਾਨਕ ਲੋਕਾਂ ਨੇ ਇਕ ਮਦਰੱਸੇ ਅਤੇ ਉਸ ਦੇ ਨਾਲ ਲੱਗਦੇ ਮਕਾਨ ਨੂੰ ਕਥਿਤ ਰੂਪ ’ਚ ਜੇਹਾਦੀ ਗਤੀਵਿਧੀਆਂ ਲਈ ਵਰਤੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਢਾਹ ਦਿੱਤਾ। ਪੁਲਸ ਨੇ ਦੱਸਿਆ ਕਿ ਮਟੀਆ ਥਾਣਾ ਖੇਤਰ ਦੇ ਪਖਿਉਰਾ ਚਾਰ ’ਚ ਸਥਿਤ ਮਦਰੱਸੇ ਅਤੇ ਉਸ ਦੇ ਨਾਲ ਲੱਗਦੇ ਮਕਾਨ ਨੂੰ ਦੋ ਬੰਗਲਾਦੇਸ਼ੀ ਨਾਗਰਿਕਾਂ ਵੱਲੋਂ ਕਥਿਤ ਤੌਰ ’ਤੇ ਜੇਹਾਦੀ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਸੀ। ਦੋਵੇਂ ਬੰਗਲਾਦੇਸ਼ੀ ਨਾਗਰਿਕ ਫਿਲਹਾਲ ਫਰਾਰ ਹਨ।
ਮਦਰੱਸੇ ਦੇ ਮੌਲਵੀ ਜਲਾਲੁਦੀਨ ਸ਼ੇਖ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਰਾਸ਼ਟਰ ਵਿਰੋਧੀ ਗਤੀਵਿਧੀਆਂ ਮਦਰੱਸੇ ਦੀ ਵਰਤੋਂ ਦਾ ਪਤਾ ਲੱਗਾ ਸੀ। ਇਕ ਪੁਲਸ ਅਧਿਕਾਰੀ ਅਨੁਸਾਰ ਮੌਲਵੀ ਜਲਾਲੂਦੀਨ ਸ਼ੇਖ ਨੇ ਕਥਿਤ ਤੌਰ ’ਤੇ ਦੋਵਾਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਦਰੋਗਰ ਅਲਗਾ ਪਖਿਉਰਾ ਚਾਰ ਮਦਰੱਸੇ ਦੇ ਅਧਿਆਪਕ ਵਜੋਂ ਨਿਯੁਕਤ ਕੀਤਾ ਸੀ। ਉਨ੍ਹਾਂ ਅਨੁਸਾਰ, ਮੌਲਵੀ ਨੂੰ ਹਾਲ ਹੀ ’ਚ ਦੋਵਾਂ ਬੰਗਲਾਦੇਸ਼ੀ ਨਾਗਰਿਕਾਂ ਨਾਲ ਸਬੰਧ ਰੱਖਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਮਦਰੱਸਾ ਅਸਾਮ ’ਚ ਢਾਹਿਆ ਜਾਣ ਵਾਲਾ ਚੌਥਾ ਮਦਰੱਸਾ ਹੈ। ਪੁਲਸ ਅਧਿਕਾਰੀ ਨੇ ਕਿਹਾ,‘‘ਸਥਾਨਕ ਲੋਕਾਂ ਨੇ ਜੇਹਾਦੀ ਗਤੀਵਿਧੀਆਂ ਪ੍ਰਤੀ ਸਖ਼ਤ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਆਪਣੀ ਮਰਜ਼ੀ ਨਾਲ ਮਦਰੱਸੇ ਅਤੇ ਇਸ ਦੇ ਨਾਲ ਲੱਗਦੇ ਮਕਾਨ ਨੂੰ ਢਾਹ ਦਿੱਤਾ।’’