2020 ’ਚ ਲਾਪ੍ਰਵਾਹੀ ਨਾਲ ਹੋਏ ਸੜਕ ਹਾਦਸਿਆਂ ’ਚ ਇੰਨੇ ਲੱਖ ਲੋਕਾਂ ਦੀ ਮੌਤ: NCRB ਰਿਪੋਰਟ

09/19/2021 4:31:31 PM

ਨਵੀਂ ਦਿੱਲੀ (ਭਾਸ਼ਾ)— ਭਾਰਤ ’ਚ 2020 ’ਚ ਲਾਪ੍ਰਵਾਹੀ ਕਾਰਨ ਹੋਏ ਸੜਕ ਹਾਦਸਿਆਂ ਨਾਲ ਸਬੰਧਤ ਮੌਤ ਦੇ 1.20 ਲੱਖ ਮਾਮਲੇ ਦਰਜ ਕੀਤੇ ਗਏ। ਸਰਕਾਰੀ ਅੰਕੜਿਆਂ ਮੁਤਾਬਕ ਕੋਵਿਡ-19 ਤਾਲਾਬੰਦੀ ਦੇ ਬਾਵਜੂਦ ਹਰ ਦਿਨ ਔਸਤਨ 328 ਲੋਕਾਂ ਨੇ ਆਪਣੀ ਜਾਨ ਗਵਾਈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਨੇ 2020 ਦੀ ਸਾਲਾਨਾ ‘ਕ੍ਰਾਈਮ ਇੰਡੀਆ’ ਰਿਪੋਰਟ ’ਚ ਖ਼ੁਲਾਸਾ ਕੀਤਾ ਕਿ ਲਾਪ੍ਰਵਾਹੀ ਕਾਰਨ ਹੋਏ ਸੜਕ ਹਾਦਸਿਆਂ ਵਿਚ 3 ਸਾਲਾਂ ’ਚ 3.92 ਲੱਖ ਲੋਕਾਂ ਦੀ ਜਾਨ ਗਈ ਹੈ। ਅੰਕੜਿਆਂ ਮੁਤਾਬਕ ਸਾਲ 2020 ’ਚ ਸੜਕ ਹਾਦਸਿਆਂ ਵਿਚ 1.20 ਲੱਖ ਲੋਕਾਂ ਦੀ ਮੌਤ ਹੋਈ, ਜਦਕਿ 2019 ਵਿਚ ਇਹ ਅੰਕੜਾ 1.36 ਲੱਖ ਅਤੇ 2018 ’ਚ 1.35 ਲੱਖ ਸੀ।

‘ਹਿਟ ਐਂਡ ਰਨ’ ਮਾਮਲੇ-
ਕੇਂਦਰੀ ਗ੍ਰਹਿ ਮੰਤਰਾਲਾ ਤਹਿਤ ਕੰਮ ਕਰਨ ਵਾਲੇ ਐੱਨ. ਸੀ. ਆਰ. ਬੀ. ਦੀ ਰਿਪੋਰਟ ਤੋਂ ਪਤਾ ਲੱਗਾ ਕਿ ਦੇਸ਼ ਵਿਚ 2018 ਤੋਂ ਬਾਅਦ ‘ਹਿਟ ਐਂਡ ਰਨ’ ਯਾਨੀ ਕਿ ਟੱਕਰ ਮਾਰ ਕੇ ਦੌੜਨ ਦੇ 1.35 ਲੱਖ ਮਾਮਲੇ ਦਰਜ ਕੀਤੇ ਗਏ ਹਨ। ਇਕੱਲੇ 2020 ਵਿਚ ‘ਹਿਟ ਐਂਡ ਰਨ’ ਦੇ 41,196 ਮਾਮਲੇ ਸਾਹਮਣੇ ਆਏ। 2019 ਵਿਚ 47,504 ਅਤੇ 2018 ਵਿਚ 47,028 ਮਾਮਲੇ ਸਾਹਮਣੇ ਆਏ ਸਨ। ਅੰਕੜਿਆਂ ਮੁਤਾਬਕ ਪਿਛਲੇ ਇਕ ਸਾਲ ਵਿਚ ਦੇਸ਼ ਭਰ ਵਿਚ ਹਰ ਦਿਨ ‘ਹਿਟ ਐਂਡ ਰਨ’ ਦੇ ਔਸਤਨ 112 ਮਾਮਲੇ ਸਾਹਮਣੇ ਆਏ। ਜਨਤਕ ਮਾਰਗ ’ਤੇ ਤੇਜ਼ ਰਫ਼ਤਾਰ ਨਾਲ ਜਾਂ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਨਾਲ ‘ਸੱਟ’ ਲੱਗਣ ਦੇ ਮਾਮਲੇ 2020 ਵਿਚ 1.30 ਲੱਖ, 2019 ਵਿਚ 1.60 ਲੱਖ ਅਤੇ 2108 ਵਿਚ 1.66 ਲੱਖ ਰਹੇ।

ਰੇਲ ਹਾਦਸਿਆਂ ’ਚ ਲਾਪ੍ਰਵਾਹੀ ਕਾਰਨ ਮੌਤਾਂ—
ਇਸ ਦਰਮਿਆਨ ਦੇਸ਼ ਭਰ ’ਚ 2020 ਵਿਚ ਰੇਲ ਹਾਦਸਿਆਂ ’ਚ ਲਾਪ੍ਰਵਾਹੀ ਨਾਲ ਮੌਤ ਦੇ 52 ਮਾਮਲੇ ਦਰਜ ਕੀਤੇ ਗਏ। 2019 ਵਿਚ ਅਜਿਹੇ 55 ਅਤੇ 2018 ਵਿਚ 35 ਮਾਮਲੇ ਦਰਜ ਕੀਤੇ ਗਏ ਸਨ। ਐੱਨ. ਸੀ. ਆਰ. ਬੀ. ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2020 ਦੌਰਾਨ ਭਾਰਤ ਵਿਚ ਡਾਕਟਰੀ ਲਾਪ੍ਰਵਾਹੀ ਕਾਰਨ ਮੌਤਾਂ ਦੇ 133 ਮਾਮਲੇ ਦਰਜ ਕੀਤੇ ਗਏ। 2019 ਵਿਚ ਅਜਿਹੇ ਮਾਮਲਿਆਂ ਦੀ ਗਿਣਤੀ 201 ਜਦਕਿ 2018 ਵਿਚ 218 ਸੀ। ਰਿਪੋਰਟ ਮੁਤਾਬਕ 2020 ’ਚ ‘ਸਿਵਲ ਬਾਡੀਜ਼’ ਦੀ ਲਾਪ੍ਰਵਾਹੀ ਕਾਰਨ ਮੌਤ ਦੇ 51 ਮਾਮਲੇ ਸਾਹਮਣੇ ਆਏ। 2019 ’ਚ ਅਜਿਹੇ ਮਾਮਲਿਆਂ ਦੀ ਗਿਣਤੀ 147 ਅਤੇ 2018 ਵਿਚ 40 ਸੀ। ਅੰਕੜਿਆਂ ਵਿਚ ਦੱਸਿਆ ਗਿਆ ਕਿ 2020 ਵਿਚ ਦੇਸ਼ ਭਰ ’ਚ ਹੋਰ ਲਾਪ੍ਰਵਾਹੀ ਕਾਰਨ ਮੌਤ ਦੇ 6,367 ਮਾਮਲੇ ਦਰਜ ਕੀਤੇ ਗਏ, ਜੋ 2019 ਵਿਚ 7,912 ਅਤੇ 2018 ਵਿਚ 8,687 ਸਨ।

ਐੱਨ. ਸੀ. ਆਰ. ਬੀ. ਨੇ ਰਿਪੋਰਟ ’ਚ ਕਿਹਾ ਕਿ ਦੇਸ਼ ਵਿਚ 25 ਮਾਰਚ 2020 ਤੋਂ 31 ਮਈ 2020 ਤਕ ਪੂਰੀ ਤਰ੍ਹਾਂ ਕੋਵਿਡ-19 ਤਾਲਾਬੰਦੀ ਲਾਗੂ ਰਿਹਾ ਅਤੇ ਇਸ ਦੌਰਾਨ ਜਨਤਕ ਥਾਵਾਂ ’ਤੇ ਆਵਾਜਾਈ ਬਹੁਤ ਸੀਮਤ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਿਲਾਵਾਂ, ਬੱਚਿਆਂ ਅਤੇ ਸੀਨੀਅਰ ਨਾਗਰਿਕਾਂ ਖ਼ਿਲਾਫ਼ ਅਪਰਾਧਾਂ, ਚੋਰੀ, ਲੁੱਟ-ਖੋਹ, ਡਕੈਤੀ ਦੇ ਮਾਮਲਿਆਂ ਵਿਚ ਗਿਰਾਵਟ ਆਈ ਹੈ।
 


Tanu

Content Editor

Related News