1998 ’ਚ ਸਿਰਫ 12 ਸੀਟਾਂ ਵਾਲੀ TDP ਨੂੰ ਮਿਲਿਆ ਸੀ ਲੋਕ ਸਭਾ ਸਪੀਕਰ ਦਾ ਅਹੁਦਾ

06/12/2024 2:35:23 PM

ਨਵੀਂ ਦਿੱਲੀ (ਵਿਸ਼ੇਸ਼)-18ਵੀਂ ਲੋਕ ਸਭਾ ਦਾ ਵਿਸ਼ੇਸ਼ ਸੈਸ਼ਨ 24 ਜੂਨ ਨੂੰ ਹੋਣ ਜਾ ਰਿਹਾ ਹੈ। ਇਸੇ ਵਿਚ ਲੋਕ ਸਭਾ ਸਪੀਕਰ ਦੀ ਚੋਣ ਕੀਤੀ ਜਾਵੇਗੀ। ਇਸ ਅਹਿਮ ਅਹੁਦੇ ਲਈ NDA ਦੀਆਂ ਦੋਵੇਂ ਵੱਡੀਆਂ ਸਹਿਯੋਗੀ ਪਾਰਟੀਆਂ ਤੇਲਗੂ ਦੇਸ਼ਮ ਪਾਰਟੀ (TDP) ਤੇ ਜਨਤਾ ਦਲ (ਯੂ) ਲਾਮਬੰਦੀ ਕਰ ਰਹੀਆਂ ਹਨ। ਇਸ ਚੋਣ ਵਿਚ TDP ਦੇ 16 ਸੰਸਦ ਮੈਂਬਰ ਜਿੱਤ ਕੇ ਆਏ ਹਨ, ਜਦੋਂਕਿ ਜਨਤਾ ਦਲ (ਯੂ) ਦੇ 12 ਸੰਸਦ ਮੈਂਬਰ ਹਨ।

ਅਜਿਹਾ ਨਹੀਂ ਹੈ ਕਿ ਘੱਟ ਸੀਟਾਂ ਵਾਲੀਆਂ ਖੇਤਰੀ ਪਾਰਟੀਆਂ ਪਹਿਲੀ ਵਾਰ ਸਪੀਕਰ ਅਹੁਦੇ ਲਈ ਲਾਮਬੰਦੀ ਕਰ ਰਹੀਆਂ ਹਨ। TDP ਦੇ ਮੁਖੀ ਚੰਦਰਬਾਬੂ ਨਾਇਡੂ ਇਹ ਕੰਮ ਪਹਿਲਾਂ ਵੀ ਕਰ ਚੁੱਕੇ ਹਨ। 1998 ’ਚ ਤੇਦੇਪਾ ਦੀਆਂ ਸਿਰਫ 12 ਸੀਟਾਂ ਸਨ ਅਤੇ ਸਭ ਤੋਂ ਵੱਡੀ ਪਾਰਟੀ ਭਾਜਪਾ ਸੀ। ਉਸ ਵੇਲੇ ਅਟਲ ਬਿਹਾਰੀ ਵਾਜਪਾਈ ਨੇ ਸਪੀਕਰ ਦਾ ਅਹੁਦਾ ਤੇਦੇਪਾ ਨੂੰ ਦਿੱਤਾ ਸੀ ਅਤੇ ਜੀ. ਐੱਮ. ਬਾਲਯੋਗੀ ਸਭਾਪਤੀ ਬਣੇ ਸਨ। ਉਹ ਦੇਸ਼ ਦੇ ਪਹਿਲੇ ਅਜਿਹੇ ਸਭਾਪਤੀ ਸਨ ਜੋ ਦਲਿਤ ਭਾਈਚਾਰੇ ਤੋਂ ਸਨ। ਹਾਲਾਂਕਿ ਉਸ ਵੇਲੇ ਤੇਦੇਪਾ ਸਰਕਾਰ ਵਿਚ ਸ਼ਾਮਲ ਨਹੀਂ ਹੋਈ ਸੀ। ਉਸ ਨੇ ਅਟਲ ਸਰਕਾਰ ਨੂੰ ਬਾਹਰੋਂ ਹੀ ਸਮਰਥਨ ਦਿੱਤਾ ਸੀ। ਬਾਲਯੋਗੀ ਨੂੰ ਧਿਰ ਤੇ ਵਿਰੋਧੀ ਧਿਰ, ਦੋਵਾਂ ਦਾ ਸਮਰਥਨ ਮਿਲਿਆ ਸੀ। ਉਨ੍ਹਾਂ ਸਦਨ ਇੰਨੇ ਵਧੀਆ ਢੰਗ ਨਾਲ ਚਲਾਇਆ ਸੀ ਕਿ 1999 ’ਚ ਜਦੋਂ ਮੁੜ ਅਟਲ ਸਰਕਾਰ ਬਣੀ ਤਾਂ ਸਪੀਕਰ ਦੁਬਾਰਾ ਬਾਲਯੋਗੀ ਹੀ ਬਣੇ। ਉਹ 2002 ਤਕ ਆਪਣੀ ਮੌਤ ਤਕ ਇਸ ਅਹੁਦੇ ’ਤੇ ਰਹੇ। 3 ਮਾਰਚ 2002 ਨੂੰ ਇਕ ਹੈਲੀਕਾਪਟਰ ਹਾਦਸੇ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਲੋਕ ਸਭਾ ਸਪੀਕਰ ਦੀਆਂ ਸ਼ਕਤੀਆਂ

ਲੋਕ ਸਭਾ ਸਪੀਕਰ ਸੰਸਦੀ ਲੋਕਤੰਤਰ ਵਿਚ ਅਹਿਮ ਭੂਮਿਕਾ ਰੱਖਦਾ ਹੈ। ਉਹ ਸੰਸਦ ਦੀ ਕਾਰਵਾਈ ਦੀ ਅਗਵਾਈ ਕਰਦਾ ਹੈ। ਸਪੀਕਰ ਸਦਨ ਦੀ ਮਰਿਆਦਾ ਤੇ ਸੁਤੰਤਰਤਾ ਦੀ ਨੁਮਾਇੰਦਗੀ ਕਰਦਾ ਹੈ। ਸੰਵਿਧਾਨ ਦੇ ਆਰਟੀਕਲ-93 ’ਚ ਕਿਹਾ ਗਿਆ ਹੈ ਕਿ ਲੋਕ ਸਭਾ ਜਲਦ ਤੋਂ ਜਲਦ ਸਦਨ ਦੇ 2 ਮੈਂਬਰਾਂ ਨੂੰ ਕ੍ਰਮਵਾਰ ਸਪੀਕਰ ਤੇ ਡਿਪਟੀ ਸਪੀਕਰ ਚੁਣੇਗੀ।

ਕੋਈ ਵਾਧੂ ਯੋਗਤਾ ਨਹੀਂ : ਸਪੀਕਰ ਲਈ ਕਿਸੇ ਵਾਧੂ ਯੋਗਤਾ ਦਾ ਵਰਣਨ ਨਹੀਂ ਹੈ। ਕਿਸੇ ਵੀ ਚੁਣੇ ਗਏ ਸੰਸਦ ਮੈਂਬਰ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ।

ਵੋਟਿੰਗ ਕਰਾਉਣੀ : ਸਪੀਕਰ ਸਦਨ ਦੀ ਬਹਿਸ ਦਾ ਸੰਚਾਲਨ ਕਰਦਾ ਹੈ ਅਤੇ ਬਿੱਲਾਂ ਤੇ ਪ੍ਰਸਤਾਵਾਂ ’ਤੇ ਵੋਟਿੰਗ ਕਰਾਉਂਦਾ ਹੈ। ਸਪੀਕਰ ਹੀ ਤੈਅ ਕਰਦਾ ਹੈ ਕਿ ਪ੍ਰਸਤਾਵ ’ਤੇ ਵੁਆਇਸ ਵੋਟ ਹੋਵੇਗੀ ਜਾਂ ਵੋਟਿੰਗ ਕਰਾਈ ਜਾਵੇਗੀ।

ਪ੍ਰਸ਼ਨ ਕਾਲ : ਉਹ ਮੈਂਬਰਾਂ ਨੂੰ ਸਰਕਾਰ ਤੋਂ ਪ੍ਰਸ਼ਨ ਪੁੱਛਣ ਦਾ ਮੌਕਾ ਦਿੰਦਾ ਹੈ। ਇਸ ਦੇ ਲਈ ਮੈਂਬਰਾਂ ਨੂੰ ਅਗਾਊਂ ਇਜਾਜ਼ਤ ਲੈਣੀ ਪੈਂਦੀ ਹੈ। ਮੈਂਬਰ ਲੋਕ ਸਭਾ ਸਪੀਕਰ ਦੀ ਮਨਜ਼ੂਰੀ ਨਾਲ ਹੀ ਚਰਚਾ ਵਿਚ ਹਿੱਸਾ ਲੈ ਸਕਦੇ ਹਨ।

ਗੈਰ-ਸੰਸਦੀ ਟਿੱਪਣੀਆਂ ਕਰਨਾ : ਸਪੀਕਰ ਇਹ ਤੈਅ ਕਰਦਾ ਹੈ ਕਿ ਮੈਂਬਰਾਂ ਦੇ ਕਿਹੜੇ ਬਿਆਨ ਤੇ ਟਿੱਪਣੀਆਂ ਰਿਕਾਰਡ ਵਿਚ ਦਰਜ ਹੋਣਗੀਆਂ ਅਤੇ ਕਿਹੜੀਆਂ ਗੈਰ-ਸੰਸਦੀ ਹਨ।

ਬੇਭਰੋਸਗੀ ਵੋਟ ਪ੍ਰਸਤਾਵ : ਸਰਕਾਰ ਖਿਲਾਫ ਜਦੋਂ ਬੇਭਰੋਸਗੀ ਪ੍ਰਸਤਾਵ ਲਿਆਂਦਾ ਜਾਂਦਾ ਹੈ ਤਾਂ ਸਪੀਕਰ ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਹੈ। 2018 ਵਿਚ ਜਦੋਂ ਵਾਈ. ਐੱਸ. ਆਰ. ਕਾਂਗਰਸ ਤੇ ਤੇਦੇਪਾ ਨੇ ਸਰਕਾਰ ਖਿਲਾਫ ਬੇਭਰੋਸਗੀ ਪ੍ਰਸਤਾਵ ਦਾ ਨੋਟਿਸ ਦਿੱਤਾ ਸੀ ਤਾਂ ਸਪੀਕਰ ਸੁਮਿੱਤਰਾ ਮਹਾਜਨ ਨੇ ਵੋਟ ਲਈ ਇਸ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਕਈ ਵਾਰ ਲੋਕ ਸਭਾ ਮੁਲਤਵੀ ਕੀਤੀ ਸੀ।

ਸਪੀਕਰ ਦੀ ਆਪਣੀ ਵੋਟ : ਆਰਟੀਕਲ-100 ਅਨੁਸਾਰ ਲੋਕ ਸਭਾ ਸਪੀਕਰ ਪਹਿਲੀ ਵਾਰ ’ਚ ਵੋਟ ਨਹੀਂ ਦੇ ਸਕਦਾ। ਉਹ ਉਸ ਵੇਲੇ ਹੀ ਵੋਟ ਦੇ ਸਕਦਾ ਹੈ ਜਦੋਂ ਕਿਸੇ ਪ੍ਰਸਤਾਵ ’ਤੇ ਧਿਰ ਤੇ ਵਿਰੋਧੀ ਧਿਰ ਦੀਆਂ ਵੋਟਾਂ ਬਰਾਬਰ ਹੋ ਜਾਣ। ਅਜਿਹੀ ਸਥਿਤੀ ’ਚ ਰਵਾਇਤੀ ਤੌਰ ’ਤੇ ਸਪੀਕਰ ਦੀ ਵੋਟ ਸਰਕਾਰ ਦੇ ਹੱਕ ਵਿਚ ਹੋ ਸਕਦੀ ਹੈ।

ਮੈਂਬਰਾਂ ਨੂੰ ਅਯੋਗ ਠਹਿਰਾਉਣਾ : ਸੰਵਿਧਾਨ ਦੇ 10ਵੇਂ ਸ਼ਡਿਊਲ ’ਚ ਸਦਨ ਨੂੰ ਚਲਾਉਣ ਲਈ ਸਪੀਕਰ ਨੂੰ ਮਿਲੀਆਂ ਸ਼ਕਤੀਆਂ ਆਮ ਤੌਰ ’ਤੇ ਵਿਰੋਧੀ ਧਿਰ ਨੂੰ ਮਹਿਸੂਸ ਹੁੰਦੀਆਂ ਹਨ। ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਮਿਲੀਆਂ ਸ਼ਕਤੀਆਂ ਨਾਲ ਉਹ ਪਾਰਟੀ ਦੇ ਵਿਰੁੱਧ ਜਾਣ ਵਾਲੇ ਮੈਂਬਰਾਂ ਨੂੰ ਅਯੋਗ ਠਹਿਰਾ ਸਕਦਾ ਹੈ।

43 ਸੀਟਾਂ ਵਾਲੀ ਮਾਕਪਾ ਦੇ ਸੋਮਨਾਥ ਚੈਟਰਜੀ ਵੀ ਬਣੇ ਸਨ ਸਪੀਕਰ

2004 ’ਚ ਡਾ. ਮਨਮੋਹਨ ਸਿੰਘ ਦੀ ਅਗਵਾਈ ’ਚ ਯੂ. ਪੀ. ਏ. ਦੀ ਸਰਕਾਰ ਬਣੀ ਤਾਂ 43 ਸੀਟਾਂ ਵਾਲੀ ਪਾਰਟੀ ਮਾਕਪਾ ਦੇ ਸੋਮਨਾਥ ਚੈਟਰਜੀ ਲੋਕ ਸਭਾ ਸਪੀਕਰ ਬਣਾਏ ਗਏ ਸਨ। ਧਿਰ ਤੇ ਵਿਰੋਧੀ ਧਿਰ ਦੋਵਾਂ ਪ੍ਰਤੀ ਆਪਣੇ ਇਕੋ ਜਿਹੇ ਨਜ਼ਰੀਏ ਕਾਰਨ ਉਨ੍ਹਾਂ ਸਪੀਕਰ ਵਜੋਂ ਕਾਫੀ ਲੋਕਪ੍ਰਿਯਤਾ ਹਾਸਲ ਕੀਤੀ ਸੀ।

ਲੋਕ ਸਭਾ ਸਪੀਕਰ ਅਤੇ ਉਨ੍ਹਾਂ ਦਾ ਕਾਰਜਕਾਲ

ਕਾਰਜਕਾਲ ਨਾਂ ਪਾਰਟੀ ਸਰਕਾਰ
1998-99   ਜੀ. ਐੱਮ. ਬਾਲਯੋਗੀ ਤੇਦੇਪਾ ਐੱਨ. ਡੀ. ਏ
1999-2002 ਜੀ. ਐੱਮ. ਬਾਲਯੋਗੀ ਤੇਦੇਪਾ ਐੱਨ. ਡੀ. ਏ.
2002-2004 ਮਨੋਹਰ ਜੋਸ਼ੀ ਸ਼ਿਵਸੈਨਾ ਐੱਨ. ਡੀ. ਏ
2004-2009 ਸੋਮਨਾਥ ਚੈਟਰਜੀ ਮਾਕਪਾ ਯੂ. ਪੀ. ਏ.
2009-2014   ਮੀਰਾ ਕੁਮਾਰ ਕਾਂਗਰਸ ਯੂ. ਪੀ. ਏ.
2014-2019 ਸੁਮਿੱਤਰਾ ਮਹਾਜਨ ਭਾਜਪਾ  ਐੱਨ. ਡੀ. ਏ.
2019-2024   ਓਮ ਬਿਰਲਾ ਭਾਜਪਾ ਐਨ. ਡੀ. ਏ.
       

 

 

 


Tanu

Content Editor

Related News