ਭਾਰਤ ਅਤੇ ਆਸਟਰੇਲੀਆ ਵਿਚਾਲੇ ਸੜਕ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਹੋਇਆ ਮਹੱਤਵਪੂਰਨ ਸਮਝੌਤਾ
Saturday, Jul 17, 2021 - 12:00 PM (IST)
ਨਵੀਂ ਦਿੱਲੀ (ਏਜੰਸੀ)- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਅਧੀਨ ਕੰਮ ਕਰ ਰਹੀ ਇੰਡੀਅਨ ਅਕੈਡਮੀ ਆਫ ਹਾਈਵੇਅ ਇੰਜੀਨੀਅਰ (ਆਈ.ਏ.ਐੱਚ.ਈ.) ਨੇ ਦੇਸ਼ ਵਿਚ ਸੜਕ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਆਪਣੇ ਨੋਇਡਾ ਸਥਿਤ ਕੇਂਦਰ ਵਿਖੇ ਸੈਂਟਰ ਫਾਰ ਐਡਵਾਂਸਡ ਟ੍ਰਾਂਸਪੋਰਟੇਸ਼ਨ ਤਕਨਾਲੋਜੀ ਅਤੇ ਸਿਸਟਮ-ਕੈਟਸ (ਸੀ.ਏ.ਟੀ.) ਦੀ ਸਥਾਪਨਾ ਲਈ ਆਸਟਰੇਲੀਆ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ-ਯੂ.ਐੱਨ.ਐੱਸ.ਡਬਲਯੂ. ਨਾਲ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਮੌਕੇ 'ਤੇ ਵਰਚੁਅਲ ਅਧਾਰ 'ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਸੜਕ ਸੁਰੱਖਿਆ ਦੇ ਦ੍ਰਿਸ਼ਟੀਕੋਣ ਨੂੰ ਬਿਹਤਰ ਬਣਾਉਣ ਵਿਚ ਮਦਦਗਾਰ ਹੋਵੇਗਾ ਅਤੇ ਹਾਦਸਿਆਂ ਨੂੰ ਰੋਕਣ ਦੇ ਸਰਕਾਰ ਦੇ ਟੀਚੇ ਵਿਚ ਅਹਿਮ ਸਾਬਤ ਹੋਵੇਗਾ। ਉਨ੍ਹਾਂ ਇਸ ਨੂੰ ਇਕ ਮਹੱਤਵਪੂਰਨ ਸਮਝੌਤਾ ਦੱਸਿਆ ਅਤੇ ਕਿਹਾ ਕਿ ਇਹ ਸਮਝੌਤਾ ਆਧੁਨਿਕ ਆਵਾਜਾਈ ਪ੍ਰਣਾਲੀਆਂ ਦੀ ਨਵੀਨਤਾ, ਖੋਜ ਅਤੇ ਵਿਕਾਸ ਦੇ ਮੌਕਿਆਂ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਉਦਯੋਗਾਂ ਅਤੇ ਟ੍ਰਾਂਸਪੋਰਟ ਸੈਕਟਰ ਵਿਚ ਦੋਵਾਂ ਦੇਸ਼ਾਂ ਦੇ ਉਦਯੋਗ ਅਤੇ ਸਟਾਰਟ-ਅਪਸ ਨੂੰ ਉਤਸ਼ਾਹਤ ਕਰਨ ਵਿਚ ਮਦਦਗਾਰ ਸਿੱਧ ਹੋਵੇਗਾ।
ਇਹ ਸਮਝੌਤਾ ਆਈ.ਏ.ਐੱਚ.ਈ. ਵਿਚ ਕੈਟਸ (ਸੀ.ਏ.ਟੀ.) ਦੀ ਸਥਾਪਨਾ ਲਈ ਸਮੱਰਥਾ ਵਧਾਉਣ, ਤਕਨਾਲੌਜੀ ਟ੍ਰਾਂਸਫਰ ਅਤੇ ਢੁੱਕਵਾਂ ਵਾਤਾਵਰਣ ਬਣਾਉਣ ਦੇ ਇਕ ਪ੍ਰੋਜੈਕਟ ਲਈ ਕੀਤਾ ਗਿਆ ਹੈ। ਯੂ.ਐੱਨ.ਐੱਸ.ਡਬਲਯੂ. ਸਮਾਰਟ ਟ੍ਰਾਂਸਪੋਰਟ ਸਿਸਟਮ ਅਤੇ ਮਾਡਲਿੰਗ 'ਤੇ ਇਕ-ਇਕ ਕੋਰਸ ਵੀ ਸ਼ੁਰੂ ਕਰੇਗਾ।