ਇੰਫਾਲ : ਰੇਲਗੱਡੀ ’ਚ ਸੂਟਕੇਸ ’ਚੋਂ ਮਿਲਿਆ ਔਰਤ ਦਾ ਸਿਰ, ਜੋੜਾ ਗ੍ਰਿਫ਼ਤਾਰ
Sunday, Aug 30, 2026 - 06:43 PM (IST)
ਇੰਫਾਲ, (ਏਜੰਸੀ)- ਪੁਲਸ ਨੇ ਆਗਰਾ ’ਚ ਤਾਮਿਲਨਾਡੂ ਐਕਸਪ੍ਰੈਸ ਟ੍ਰੇਨ ’ਚ ਇਕ ਸੂਟਕੇਸ ’ਚੋਂ ਇਕ ਔਰਤ ਦਾ ਸਿਰ ਮਿਲਣ ਸਬੰਧੀ ਅਾਸਾਮ ਦੇ ਕਛਾਰ ਜ਼ਿਲੇ ਦੇ ਵਸਨੀਕ ਮਾਨਿਕ ਉਦੀਨ ਲਸ਼ਕਰ (22) ਤੇ ਉਸ ਦੀ ਪਤਨੀ ਭਗਵਤੀ ਮਾਝੀ (21) ਜੋ ਓਡਿਸ਼ਾ ਦੇ ਕਿਓਂਝਰਗੜ੍ਹ ਜ਼ਿਲੇ ਦੀ ਵਸਨੀਕ ਹੈ, ਨੂੰ ਮਣੀਪੁਰ ਦੇ ਜੀਰੀਬਾਮ ਜ਼ਿਲੇ ਦੇ ਕਾਸਿਮਪੁਰ ਤੋਂ ਗ੍ਰਿਫ਼ਤਾਰ ਕੀਤਾ ਹੈ।
ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਤਾਮਿਲਨਾਡੂ ਐਕਸਪ੍ਰੈਸ ਦੇ ਆਗਰਾ ਸਟੇਸ਼ਨ ’ਤੇ ਪਹੁੰਚਣ ਸਮੇ ਗੈਰ-ਰਿਜ਼ਰਵ ਡੱਬੇ ’ਚ ਸਵਾਰ ਮੁਸਾਫਰਾਂ ਨੇ ਲਾਲ ਰੰਗ ਦੇ ਇਕ ਸੂਟਕੇਸ ’ਚੋਂ ਬਦਬੂ ਆਉਂਣ ਦੀ ਸ਼ਿਕਾਇਤ ਕੀਤੀ। ਅਧਿਕਾਰੀਆਂ ਨੇ ਜਦੋਂ ਸੂਟਕੇਸ ਦੀ ਜਾਂਚ ਕੀਤੀ ਤਾਂ ਅੰਦਰ ਇਕ ਅਣਪਛਾਤੀ ਔਰਤ ਦਾ ਕੱਟਿਆ ਹੋਇਆ ਸਿਰ ਤੇ ਸਰੀਰ ਦੇ ਹੋਰ ਅੰਗ ਮਿਲੇ। ਜਾਂਚ ਦੌਰਾਨ ਪੁਲਸ ਨੇ ਚੇਨਈ ਸੈਂਟਰਲ ਰੇਲਵੇ ਸਟੇਸ਼ਨ ਤੋਂ ਸੀ. ਸੀ. ਟੀ.ਵੀ. ਫੁਟੇਜ ਦੀ ਸਮੀਖਿਆ ਕੀਤੀ। ਫੁਟੇਜ ’ਚ ਇਕ ਆਦਮੀ ਤੇ ਇਕ ਔਰਤ ਸਟੇਸ਼ਨ ਦੇ ਕੰਪਸੈਕਸ ਅੰਦਰ ਲਾਲ ਰੰਗ ਦੇ ਸੂਟਕੇਸ ਨੂੰ ਘਸੀਟਦੇ ਹੋਏ ਵਿਖਾਈ ਦਿੱਤੇ।
ਪੁਲਸ ਨੇ ਉਨ੍ਹਾਂ ਦੀਆਂ ਹਰਕਤਾਂ ਬਾਰੇ ਸੁਰਾਗ ਇਕੱਠੇ ਕੀਤੇ ਤੇ ਚੇਨਈ ਨੇੜੇ ਗੁਡੂਵਾਂਚੇਰੀ ’ਚ ਮਸਜਿਦ ਸਟਰੀਟ ’ਚ ਉਨ੍ਹਾਂ ਦੇ ਕਿਰਾਏ ਦੇ ਇਕ ਘਰ ਦਾ ਪਤਾ ਲੱਗਾ। ਉੱਥੇ ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਇਕ ਵੱਡੇ ਭਾਂਡੇ ’ਚੋਂ ਸਰੀਰ ਦੇ ਹੋਰ ਕੱਟੇ ਹੋਏ ਅੰਗ ਮਿਲੇ।
