ਲੇਹ ਦੀਆਂ ਸੜਕਾਂ ''ਤੇ ਵੀ ਹੈ ''ਭਾਰਤ ਜੋੜੋ'' ਦਾ ਅਸਰ: ਰਾਹੁਲ ਗਾਂਧੀ
Tuesday, Aug 22, 2023 - 04:07 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਆਪਣੀ 'ਭਾਰਤ ਜੋੜੋ ਯਾਤਰਾ' ਨੂੰ ਯਾਦ ਕਰਦਿਆਂ ਕਿਹਾ ਕਿ ਲੋਕਾਂ 'ਤੇ ਇਸ ਦਾ ਜ਼ਬਰਦਸਤ ਅਸਰ ਹੋਇਆ ਹੈ ਅਤੇ ਇਹ ਹੀ ਕਹਾਣੀ ਲੇਹ ਦੀਆਂ ਸੜਕਾਂ 'ਤੇ ਗੂੰਜ ਰਹੀ ਹੈ। ਰਾਹੁਲ ਇਨ੍ਹੀਂ ਦਿਨੀਂ ਲੇਹ ਲੱਦਾਖ ਦੀ ਯਾਤਰਾ 'ਤੇ ਹੈ ਅਤੇ ਉੱਥੋਂ ਦੇ ਲੋਕਾਂ ਨਾਲ ਸੰਪਰਕ ਕਰ ਕੇ 2024 ਦੀਆਂ ਆਮ ਚੋਣਾਂ 'ਚ ਕਾਂਗਰਸ ਨੂੰ ਜਿਤਾਉਣ ਦੀ ਵੋਟਰਾਂ ਨੂੰ ਅਪੀਲ ਵੀ ਕਰ ਰਹੇ ਹਨ।
ਮੌਜੂਦਾ ਸਮੇਂ 'ਚ ਲੇਹ ਦੀ ਲੋਕ ਸਭਾ ਸੀਟ 'ਤੇ ਭਾਜਪਾ ਦਾ ਕਬਜ਼ਾ ਹੈ। ਉਨ੍ਹਾਂ ਨੇ ਕਿਹਾ ਕਿ ਲੇਹ ਦੇ ਲੋਕਾਂ 'ਤੇ ਵੀ 'ਭਾਰਤ ਜੋੜੋ ਯਾਤਰਾ' ਦਾ ਜ਼ਬਰਦਸਤ ਅਸਰ ਵੇਖਣ ਨੂੰ ਮਿਲ ਰਿਹਾ ਹੈ। 'ਭਾਰਤ ਜੋੜੋ ਯਾਤਰਾ' ਹਰ ਭਾਰਤੀ ਦੇ ਦਿਲ ਅਤੇ ਦਿਮਾਗ ਵਿਚ ਡੂੰਘਾਈ ਨਾਲ ਵਸਿਆ ਹੋਇਆ ਹੈ। ਲੇਹ ਦੀਆਂ ਸੜਕਾਂ 'ਤੇ ਗੂੰਜਦਾ 'ਭਾਰਤ ਮਾਤਾ ਦੀ ਜੈ' ਦਾ ਨਾਅਰਾ ਇਸ ਏਕਤਾ ਦਾ ਇਕ ਮਜ਼ਬੂਤ ਉਦਾਹਰਣ ਹੈ। ਸਨੇਹ ਅਤੇ ਪਿਆਰ ਨਾਲ ਭਰੀ ਇਸ ਆਵਾਜ਼ ਨੂੰ ਕੋਈ ਤਾਕਤ ਦਬਾਅ ਨਹੀਂ ਸਕਦੀ।