IMD ਦਾ ਤਾਜ਼ਾ ਅਪਡੇਟ: 22 ਅਤੇ 23 ਜਨਵਰੀ ਨੂੰ ਮੀਂਹ ਦਾ ਯੈਲੋ ਅਲਰਟ

Monday, Jan 20, 2025 - 10:20 AM (IST)

IMD ਦਾ ਤਾਜ਼ਾ ਅਪਡੇਟ: 22 ਅਤੇ 23 ਜਨਵਰੀ ਨੂੰ ਮੀਂਹ ਦਾ ਯੈਲੋ ਅਲਰਟ

ਨੈਸ਼ਨਲ ਡੈਸਕ- ਉੱਤਰ ਭਾਰਤ ਵਿਚ ਕੜਾਕੇ ਦੀ ਠੰਡ ਦਾ ਦੌਰ ਜਾਰੀ ਹੈ। ਦਿੱਲੀ-NCR 'ਚ ਕੜਾਕੇ ਦੀ ਠੰਡ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅੱਜ ਸਵੇਰੇ ਕੋਲਡ ਵੇਵ ਨੇ ਆਪਣਾ ਅਸਰ ਵਿਖਾਇਆ, ਜਿਸ ਨਾਲ ਰਾਜਧਾਨੀ ਸਮੇਤ ਆਲੇ-ਦੁਆਲੇ ਦੇ ਇਲਾਕਿਆਂ 'ਚ ਸੁੱਕੀ ਠੰਡ ਦਾ ਅਹਿਸਾਸ ਹੋਇਆ। ਭਾਰਤੀ ਮੌਸਮ ਵਿਭਾਗ (IMD) ਨੇ 22 ਅਤੇ 23 ਜਨਵਰੀ ਨੂੰ ਦਿੱਲੀ-NCR ਵਿਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਦੀ ਵਿਗਿਆਨਕ ਡਾ. ਸੋਮਾ ਸੇਨ ਰਾਏ ਮੁਤਾਬਕ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰ ਪ੍ਰਦੇਸ਼ ਦੇ ਕਈ ਸੂਬਿਆਂ 'ਚ ਮੀਂਹ ਅਤੇ ਬਰਫ਼ਬਾਰੀ ਆਸਾਰ ਹਨ। IMD ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਅਗਲੇ 5 ਦਿਨਾਂ ਤੱਕ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ ਜਤਾਈ ਹੈ। ਉੱਥੇ ਹੀ ਦੇਸ਼ ਦੇ ਮੈਦਾਨੀ ਇਲਾਕਿਆਂ ਵਿਚ ਵੀ 22 ਅਤੇ 23 ਜਨਵਰੀ ਨੂੰ ਗਰਜ ਅਤੇ ਬਿਜਲੀ ਨਾਲ ਹਲਕੀ ਤੋਂ ਮੱਧਮ ਮੀਂਹ ਪੈ ਸਕਦਾ ਹੈ।

ਦਿੱਲੀ-NCR ਦਾ ਮੌਸਮ

ਰਾਜਧਾਨੀ ਵਿਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅੱਜ 20 ਜਨਵਰੀ ਨੂੰ ਸਵੇਰੇ ਦਾ ਘੱਟ ਤੋਂ ਘੱਟ ਤਾਪਮਾਨ 12.05 ਡਿਗਰੀ ਸੈਲਸੀਅਸ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 24.35 ਡਿਗਰੀ ਸੈਲਸੀਅਰ ਰਹਿਣ ਦੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਵਿਚ ਹਵਾ ਦੀ ਰਫ਼ਤਾਰ 46 ਕਿਲੋਮੀਟਰ ਪ੍ਰਤੀ ਘੰਟੇ ਤੱਕ ਰਹਿ ਸਕਦੀ ਹੈ। 22 ਅਤੇ 23 ਜਨਵਰੀ ਨੂੰ ਮੀਂਹ ਪੈਣ ਨਾਲ ਤਾਪਮਾਨ ਵਿਚ ਵਾਧੇ ਅਤੇ ਧੁੰਦ ਵਿਚ ਕਮੀ ਹੋਣ ਦੀ ਉਮੀਦ ਹੈ।

ਉੱਤਰੀ ਭਾਰਤ 'ਚ  ਕਿਹੋ ਜਿਹਾ ਰਹੇਗਾ ਮੌਸਮ?

ਹਿਮਾਚਲ ਪ੍ਰਦੇਸ਼: 21 ਤੋਂ 23 ਜਨਵਰੀ ਤੱਕ ਬਰਫ਼ਬਾਰੀ ਅਤੇ ਮੀਂਹ ਜਾਰੀ ਰਹੇਗਾ। ਨੀਵੇਂ ਇਲਾਕਿਆਂ 'ਚ ਸੀਤ ਲਹਿਰ ਜਾਰੀ ਰਹੇਗੀ।

ਜੰਮੂ-ਕਸ਼ਮੀਰ: ਸ਼੍ਰੀਨਗਰ, ਡੋਡਾ ਅਤੇ ਗੁਲਮਰਗ 'ਚ ਭਾਰੀ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸ਼੍ਰੀਨਗਰ 'ਚ ਘੱਟੋ-ਘੱਟ ਤਾਪਮਾਨ 4.1 ਡਿਗਰੀ ਸੈਲਸੀਅਸ ਅਤੇ ਗੁਲਮਰਗ 'ਚ -1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼: ਇਨ੍ਹਾਂ ਸੂਬਿਆਂ 'ਚ 22 ਅਤੇ 23 ਜਨਵਰੀ ਨੂੰ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਹੋਰ ਸੂਬਿਆਂ ਦੀ ਸਥਿਤੀ:

ਤਾਮਿਲਨਾਡੂ ਅਤੇ ਪੁਡੂਚੇਰੀ: ਭਾਰੀ ਮੀਂਹ ਦੀ ਸੰਭਾਵਨਾ ਹੈ। ਤੱਟਵਰਤੀ ਖੇਤਰਾਂ 'ਚ ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ।

ਉੱਤਰ-ਪੂਰਬੀ ਭਾਰਤ: ਆਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ 'ਚ ਸੰਘਣੀ ਧੁੰਦ ਛਾਈ ਰਹੇਗੀ।

ਮਛੇਰਿਆਂ ਲਈ ਚੇਤਾਵਨੀ: ਮੌਸਮ ਵਿਭਾਗ ਨੇ ਮਛੇਰਿਆਂ ਨੂੰ ਕੋਮੋਰਿਨ ਖੇਤਰ, ਮੰਨਾਰ ਦੀ ਖਾੜੀ ਅਤੇ ਦੱਖਣ-ਪੱਛਮੀ ਬੰਗਾਲ ਦੀ ਖਾੜੀ ਵਿਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ।


author

Tanu

Content Editor

Related News